ਸਰਕਾਰ ਨੇ 5 ਦਿਨਾਂ ਚ ਪੰਜਾਬ, ਹਰਿਆਣਾ ਚ ਦਿੱਤਾ ਇੰਨੇ ਕਰੋੜ MSP
ਨਵੀਂ ਦਿੱਲੀ— ਪੰਜਾਬ ਅਤੇ ਹਰਿਆਣਾ 'ਚ ਪਿਛਲੇ ਪੰਜ ਦਿਨਾਂ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ 197 ਕਰੋੜ ਰੁਪਏ 'ਚ 1,04,417 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ।
ਸਰਕਾਰ ਦਾ ਮਕਸਦ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਸ ਦਾ ਐੱਮ. ਐੱਸ. ਪੀ. ਵਿਵਸਥਾ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਇਕ ਬਿਆਨ 'ਚ ਕੇਂਦਰੀ ਖੇਤੀਬਾੜੀ ਮੰਤਰਾਲਾ ਨੇ ਕਿਹਾ ਕਿ, ਪੰਜਾਬ ਤੋਂ ਲਗਭਗ 91,005 ਟਨ ਅਤੇ ਹਰਿਆਣਾ ਤੋਂ 13,412 ਟਨ ਝੋਨੇ ਦੀ ਖਰੀਦ 30 ਸਤੰਬਰ ਤੱਕ ਪਿਛਲੇ ਪੰਜ ਦਿਨਾਂ 'ਚ 1,888 ਰੁਪਏ ਪ੍ਰਤੀ ਕੁਇੰਟਲ ਦੇ ਐੱਮ. ਐੱਸ. ਪੀ. 'ਤੇ ਕੀਤੀ ਗਈ ਹੈ। ਹੁਣ ਤੱਕ ਕੁੱਲ 8,059 ਕਿਸਾਨਾਂ ਤੋਂ ਖਰੀਦ ਕੀਤੀ ਜਾ ਚੁੱਕੀ ਹੈ। ਮੌਜੂਦਾ ਸਾਲ 'ਚ ਆਮ ਝੋਨੇ ਦਾ ਐੱਮ. ਐੱਸ. ਪੀ. 1,868 ਰੁਪਏ ਪ੍ਰਤੀ ਕੁਇੰਟਲ ਹੈ, ਜਦੋਂ ਕਿ ਏ-ਗ੍ਰੇਡ ਕਿਸਮ ਝੋਨੇ ਲਈ ਇਹ 1,888 ਰੁਪਏ ਪ੍ਰਤੀ ਕੁਇੰਟਲ ਹੈ।
ਉੱਥੇ ਹੀ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਅਤੇ ਹਰਿਆਣਾ ਤੋਂ 14.09 ਲੱਖ ਟਨ ਸਾਉਣੀ ਦਾਲਾਂ ਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਪਾਹ ਦੀ ਖਰੀਦ ਦਾ ਕੰਮ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਹੈ। ਸਰਕਾਰ ਕਿਸਾਨਾਂ ਨੂੰ ਭਰੋਸਾ ਦਿਵਾਉਣ ਦਾ ਹਰ ਯਤਨ ਕਰ ਰਹੀ ਹੈ।