ਸਰਕਾਰ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਮੋਦੀ

ਸਰਕਾਰ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਮੋਦੀ

ਨਵੀਂ ਦਿੱਲੀ-ਸੰਸਦ ਦੇ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਸਾਰੇ ਮੁੱਦਿਆਂ ਨੂੰ ਵਿਚਾਰਨ ਲਈ ਤਿਆਰ ਹੈ ਜਦੋਂ ਕਿ ਵਿਰੋਧੀ ਧਿਰਾਂ ਨੇ ਆਰਥਿਕ ਮੰਦਵਾੜੇ, ਕਿਸਾਨਾਂ ਵਿੱਚ ਬੇਚੈਨੀ ਵਰਗੇ ਮੁੱਦਿਆਂ ਨੂੰ ਉਠਾਉਂਦਿਆਂ ਮੰਗ ਕੀਤੀ ਕਿ ਜੇਲ੍ਹ ਵਿੱਚ ਬੰਦ ਕੀਤੇ ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਨੂੰ ਰਿਹਾਅ ਕੀਤਾ ਜਾਵੇ ਅਤੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਆਂ ਦੱਸਿਆ ਕਿ ਸਰਬ ਪਾਰਟੀ ਮੀਟਿੰਗ ਵਿੱਚ ਲੱਗਪਗ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹੋਈਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦਨ ਦਾ ਸਭ ਤੋਂ ਅਹਿਮ ਕਾਰਜ ਹੈ ਕਿ ਇਜਲਾਸ ਦੌਰਾਨ ਵਿਚਾਰ ਚਰਚਾ ਅਤੇ ਬਹਿਸ ਹੋਵੇ ਅਤੇ ਇਸ ਵਾਰ ਦਾ ਇਜਲਾਸ ਵੀ ਪਹਿਲੇ ਇਜਲਾਸ ਦੀ ਤਰ੍ਹਾਂ ਹੀ ਉਸਾਰੂ ਹੋਣਾ ਚਾਹੀਦਾ ਹੈ। ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਅਧੀਰ ਰੰਜਨ ਚੌਧਰੀ ਨੇ ਦੱਸਿਆ ਕਿ ਵਿਰੋਧੀ ਧਿਰਾਂ ਨੇ ਮੀਟਿੰਗ ਵਿੱਚ ਆਰਥਿਕ ਮੰਦਵਾੜੇ, ਨੌਕਰੀਆਂ ਦੇ ਮੌਕੇ ਘੱਟਣ, ਕਿਸਾਨਾਂ ਵਿੱਚ ਬੇਚੈਨੀ ਵਰਗੇ ਮੁੱਦੇ ਜ਼ਰੂਰ ਵਿਚਾਰੇ ਜਾਣ ਉੱਤੇ ਜ਼ੋਰ ਦਿੱਤਾ ਹੈ।
ਸ੍ਰੀ ਜੋਸ਼ੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਸਦਨ ਦੇ ਨਿਰਧਾਰਤ ਨਿਯਮਾਂ ਅਤੇ ਰਵਾਇਤਾਂ ਅਨੁਸਾਰ ਸਰਕਾਰ ਸਾਰੇ ਮਾਮਲੇ ਵਿਚਾਰਨ ਲਈ ਤਿਆਰ ਹੈ। ਇਸ ਦੌਰਾਨ ਹੀ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਦੇ ਭਰੋਸੇ ਉੱਤੇ ਤੌਖਲਾ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਵੀ ਸੰਸਦ ਵਿੱਚ ਬੇਰੁਜ਼ਗਾਰੀ, ਆਰਥਿਕ ਮੰਦਹਾਲੀ, ਕਿਸਾਨ ਮਸਲੇ ਆਦਿ ਵਿਚਾਰਨ ਲਈ ਸਾਹਮਣੇ ਆਉਂਦੇ ਹਨ ਤਾਂ ਸਰਕਾਰ ਅਪਣਾ ਸਟੈਂਡ ਬਦਲ ਲੈਂਦੀ ਹੈ। ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਹਸਨੈਨ ਮਸੂਦੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਗੂ ਫਾਰੂਕ ਅਬਦੁੱਲਾ ਦੀ ਹਿਰਾਸਤ ਦਾ ਮੁੱਦਾ ਉਠਾਇਆ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸੰਵਿਧਾਨਕ ਜ਼ਿੰਮੇਵਾਰੀ ਤਹਿਤ ਉਨ੍ਹਾਂ ਦੀ ਸੰਸਦ ਦੇ ਇਜਲਾਸ ਵਿੱਚ ਹਾਜ਼ਰੀ ਯਕੀਨੀ ਬਣਾਏ।
ਸ੍ਰੀ ਗੁਲਾਮ ਨਬੀ ਆਜ਼ਾਦ ਨੇ ਅਬਦੁੱਲਾ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖੇ ਜਾਣ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਪੀ ਚਿਦੰਬਰਮ ਨੂੰ ਵੀ ਇਜਲਾਸ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਣੀ ਦੇਣੀ ਚਾਹੀਦੀ ਹੈ।ਮੀਟਿੰਗ ਵਿੱਚ ਅਮਿਤ ਸ਼ਾਹ, ਥਾਵਰ ਚੰਦ ਗਹਿਲੋਤ, ਆਨੰਦ ਸ਼ਰਮਾ, ਚਿਰਾਗ ਪਾਸਵਾਨ, ਰਾਮ ਗੋਪਾਲ ਯਾਦਵ ਆਦਿ ਸਣੇ ਹੋਰ ਆਗੂ ਸ਼ਾਮਲ ਹੋਏ।

Radio Mirchi