ਸਰਕਾਰੀ ਰੋਕਾਂ ਦੇ ਬਾਵਜੂਦ ਰੇਲ ਪਟੜੀਆਂ ’ਤੇ ਡਟੇ ਕਿਸਾਨ
ਗੰਨੇ ਦਾ ਕਰੋੜਾਂ ਰੁਪਏ ਬਕਾਇਆ ਲੈਣ ਅਤੇ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ ਲਈ ਅੱਜ ਕਿਸਾਨਾਂ ਨੇ ਪੰਜਾਬ ਭਰ ’ਚ ਰੇਲਾਂ ਰੋਕੀਆਂ। ਪੁਲੀਸ ਨੇ ਰੇਲ ਰੋਕੋ ਅੰਦੋਲਨ ਕਮਜ਼ੋਰ ਕਰਨ ਲਈ ਪੰਜਾਬ ਭਰ ਵਿਚ ਛਾਪੇ ਮਾਰ ਕੇ 150 ਦੇ ਕਰੀਬ ਕਿਸਾਨ-ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਬਾਵਜੂਦ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਫਿਰੋਜ਼ਪੁਰ (ਬੂਟੇ ਵਾਲਾ), ਫਿਰੋਜ਼ਪੁਰ (ਕੌਰ ਸਿੰਘ ਵਾਲਾ), ਦਿੱਲੀ ਮੁੱਖ ਰੇਲ ਮਾਰਗ ਰਈਆ, ਅੰਮ੍ਰਿਤਸਰ-ਖੇਮਕਰਨ ਮਾਰਗ ਸਮੇਤ 4 ਥਾਵਾਂ ਉਤੇ ਮੁਕੰਮਲ ਤੌਰ ’ਤੇ ਰੇਲ ਆਵਾਜਾਈ ਠੱਪ ਰੱਖੀ। ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਵਿਚ ਕੀਤੀਆਂ ਗਈਆਂ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਪੰਜਾਬ ਭਰ ਵਿਚ ਚਾਰ ਥਾਵਾਂ ’ਤੇ ਰੇਲਵੇ ਪਟੜੀਆਂ ਜਾਮ ਕਰ ਦਿੱਤੀਆਂ। ਆਗੂਆਂ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਆਈ.ਜੀ. ਬਾਰਡਰ ਜ਼ੋਨ ਸੁਰਿੰਦਰਪਾਲ ਸਿੰਘ ਪਰਮਾਰ ਤੇ ਡੀ.ਸੀ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਕਈ ਗੇੜਾਂ ਦੀ ਗੱਲਬਾਤ ਮਗਰੋਂ ਸਮਝੌਤਾ ਹੋ ਗਿਆ। ਆਈ.ਜੀ ਬਾਰਡਰ ਰੇਂਜ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਦਾ ਗੰਨਾ ਬਾਂਡ ਰਾਣਾ ਸ਼ੂਗਰ ਮਿੱਲ ਬੁੱਟਰ ਵਿਚ ਹੀ ਹੋਵੇਗਾ ਤੇ ਗੰਨਾ ਚੁਕਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੁੱਖ ਮੰਤਰੀ ਵੱਲੋਂ ਮੰਨੀਆਂ 14 ਮੰਗਾਂ ਲਾਗੂ ਕਰਾਉਣ ਤੇ ਕਿਸਾਨਾਂ ਦੇ ਗੰਨੇ ਦੇ ਬਕਾਏ, ਕਰਜ਼ੇ, ਪਰਾਲੀ ਦੇ ਹੱਲ ਸਮੇਤ 12 ਦਸੰਬਰ ਤੋਂ ਪਹਿਲਾਂ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਤੇ ਫਾਇਨਾਂਸ ਕਮਿਸ਼ਨਰ ਵਿਸ਼ਵਜੀਤ ਖੰਨਾ ਮੀਟਿੰਗ ਕਰਨਗੇ ਤੇ ਮਸਲੇ ਦੇ ਹੱਲ ਲਈ 12 ਦਸੰਬਰ ਤੋਂ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ। ਇਸ ਮਗਰੋਂ ਕਿਸਾਨਾਂ-ਮਜ਼ਦੂਰਾਂ ਨੇ ਰੇਲ ਟਰੈਕ ਖਾਲੀ ਕਰ ਕੇ ਸੰਘਰਸ਼ ਮੁਲਤਵੀ ਕਰ ਦਿੱਤਾ।
ਇਸੇ ਤਰ੍ਹਾਂ ਸੰਘਰਸ਼ ਕਮੇਟੀ (ਪੰਨੂ) ਦੇ ਸੈਂਕੜੇ ਕਿਸਾਨਾਂ ਨੇ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਹੇਠ ਰਈਆ ਵਿਚ ਰੇਲਵੇ ਲਾਈਨ ’ਤੇ ਧਰਨਾ ਲਾ ਕੇ ਅੰਮ੍ਰਿਤਸਰ ਅਤੇ ਜਲੰਧਰ ਵੱਲੋਂ ਆ ਰਹੀਆਂ ਰੇਲਾਂ ਰੋਕੀਆਂ। ਕੁਝ ਥਾਵਾਂ ’ਤੇ ਪੁਲੀਸ ਨੇ ਕਿਸਾਨਾਂ ਨੂੰ ਅੰਦੋਲਨ ’ਚ ਸ਼ਾਮਲ ਹੋਣ ਤੋਂ ਰੋਕ ਦਿੱਤਾ, ਜਿਸ ਕਾਰਨ ਉਹ ਉਥੇ ਹੀ ਧਰਨਾ ਮਾਰ ਕੇ ਬੈਠ ਗਏ। ਅੱਜ ਕਰੀਬ 12 ਵਜੇ ਸੈਂਕੜੇ ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ’ਤੇ ਧਰਨਾ ਲਾ ਦਿੱਤਾ, ਜਿਸ ਕਾਰਨ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸ਼ਹੀਦ ਐਕਸਪ੍ਰੈੱਸ ਅਤੇ ਜਲੰਧਰ ਵੱਲੋਂ ਆ ਰਹੀ ਰੇਲਗੱਡੀ ਰੋਕ ਦਿੱਤੀ। ਧਰਨੇ ਕਾਰਨ ਸ਼ਤਾਬਦੀ ਐਕਸਪ੍ਰੈੱਸ ਨੂੰ ਬਿਆਸ ਵਿਚ ਰੋਕਣਾ ਪਿਆ ਅਤੇ ਬਾਕੀ ਗੱਡੀਆਂ ਵੀ ਵੱਖ ਵੱਖ ਸਟੇਸ਼ਨਾਂ ’ਤੇ ਰੋਕ ਲਈਆਂ ਗਈਆਂ। ਇਸ ਮੌਕੇ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਰਾਣਾ ਸ਼ੂਗਰ ਮਿੱਲ ਬੁੱਟਰ ਖੰਡ ਮਿੱਲ ਵੱਲੋਂ ਜਾਣ ਬੁੱਝ ਕੇ ਉਨ੍ਹਾਂ ਦਾ ਗੰਨਾ ਬਾਂਡ ਨਹੀਂ ਕੀਤਾ ਜਾ ਰਿਹਾ। ਮਗਰੋਂ ਆਈਜੀ ਪਰਮਪਾਲ ਸਿੰਘ ਪਰਮਾਰ, ਵਿਕਰਮਜੀਤ ਦੁੱਗਲ ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ), ਹਰਕ੍ਰਿਸ਼ਨ ਸਿੰਘ ਡੀਐੱਸਪੀ ਬਾਬਾ ਬਕਾਲਾ, ਸੋਹਣ ਸਿੰਘ ਭੱਟੀ ਡੀਐੱਸਪੀ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਸਮਝਾ ਕੇ ਧਰਨਾ ਸਮਾਪਤ ਕਰਵਾਇਆ।
ਇਸੇ ਤਰ੍ਹਾਂ ਕਮੇਟੀ ਦੇ ਸੈਂਕੜੇ ਵਰਕਰਾਂ ਨੇ ਤਰਨ ਤਾਰਨ ਦੇ ਪਿੰਡ ਗੋਹਲਵੜ੍ਹ ’ਚ ਰੇਲਵੇ ਲਾਈਨ ’ਤੇ ਧਰਨਾ ਦਿੱਤਾ ਤੇ ਜਥੇਬੰਦੀ ਦੇ ਵਰਕਰਾਂ ਨੇ ਤਰਨ ਤਾਰਨ-ਦਿਆਲਪੁਰ ਸੜਕ ’ਤੇ ਧਰਨਾ ਲਾਇਆ। ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਹੇਠ ਜਿਵੇਂ ਹੀ ਮਾਨੋਚਾਹਲ ਕਲਾਂ ਤੋਂ ਰਵਾਨਾ ਹੋਇਆ ਤਾਂ ਡੀਐੱਸਪੀ ਸੁੱਚਾ ਸਿੰਘ ਬੱਲ ਦੀ ਅਗਵਾਈ ਹੇਠ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਪਰ ਉਹ ਪੁਲੀਸ ਦੀਆਂ ਰੋਕਾਂ ਤੋੜ ਕੇ ਤਰਨ ਤਾਰਨ ਤੱਕ ਗਏ ਤੇ ਉੱਥੇ ਹੀ ਧਰਨਾ ਲਾ ਕੇ ਰੋਸ ਪ੍ਰਗਟਾਇਆ। ਰੇਲਾਂ ਰੋਕਣ ਖ਼ਿਲਾਫ਼ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਮੰਗੀ ਹੈ।