ਸਰਹੱਦੀ ਵਿਵਾਦ: ਭਾਰਤ-ਚੀਨ ਅੱਜ ਮੁੜ ਕਰਨਗੇ ਗੱਲਬਾਤ
ਪੂਰਬੀ ਲੱਦਾਖ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਜਾਰੀ ਤਲਖੀ ਦਰਮਿਆਨ ਭਾਰਤ ਤੇ ਚੀਨ ਦਾ ਸਿਖਰਲਾ ਫੌਜੀ ਵਫ਼ਦ ਮੰਗਲਵਾਰ ਨੂੰ ਮੁੜ ਗੱਲਬਾਤ ਕਰੇਗਾ। ਸਰਕਾਰੀ ਸੂਤਰਾਂ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਤੀਜੇ ਗੇੜ ਦੀ ਇਹ ਗੱਲਬਾਤ ਐੱਲਏਸੀ ’ਤੇ ਭਾਰਤ ਵਾਲੇ ਪਾਸੇ ਲੇਹ ਜ਼ਿਲ੍ਹੇ ਦੇ ਚੁਸ਼ੁਲ ਸੈਕਟਰ ਵਿੱਚ ਹੋਵੇਗੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਦੋ ਮੀਟਿੰਗਾਂ ਚੀਨੀ ਖੇਤਰ ’ਚ ਪੈਂਦੇ ਮੋਲਡੋ ’ਚ ਹੋਈਆਂ ਸਨ। ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ ਜਦੋਂਕਿ ਚੀਨ ਵੱਲੋਂ ਤਿੱਬਤ ਫੌਜੀ ਜ਼ਿਲ੍ਹੇ ਦੇ ਕਮਾਂਡਰ ਦੀ ਅਗਵਾਈ ਵਾਲੀ ਟੀਮ ਸ਼ਿਰਕਤ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਮੀਟਿੰਗ ਦਾ ਮੁੱਖ ੲੇਜੰਡਾ ਦੋਵਾਂ ਮੁਲਕਾਂ ਵੱਲੋਂ ਐੱਲਏਸੀ ’ਤੇ ਤਲਖੀ ਘਟਾਉਣ ਲਈ ਹੁਣ ਤਕ ਕੀਤੀਆਂ ਤਜਵੀਜ਼ਾਂ ਨੂੰ ਹੀ ਅੱਗੇ ਲਿਜਾਣ ਦਾ ਹੋਵੇਗਾ। ਸੂਤਰਾਂ ਨੇ ਕਿਹਾ, ‘ਹਾਲਾਤ ਨੂੰ ਸਥਿਰ ਕਰਨ ਅਤੇ ਸਰਹੱਦ ’ਤੇ ਬਣੀ ਤਲਖੀ ਨੂੰ ਘਟਾਉਣ ਤੇ ਜਮੂਦ ਨੂੰ ਤੋੜਨ ਲਈ ਹਰ ਵਿਵਾਦਿਤ ਖੇਤਰ ’ਤੇ ਵਿਚਾਰ ਚਰਚਾ ਹੋਵੇਗੀ।’ ਕੋਰ ਕਮਾਂਡਰ ਪੱਧਰ ਦੀਆਂ ਆਖਰੀ ਦੋ ਮੀਟਿੰਗਾਂ 6 ਜੂਨ ਤੇ 22 ਜੂਨ ਨੂੰ ਹੋਈਆਂ ਸਨ। ਭਾਰਤ ਤੇ ਚੀਨ ਦੇ ਫੌਜੀ ਪੱਧਰ ਦੇ ਅਧਿਕਾਰੀਆਂ ਦੀ 22 ਜੂਨ ਨੂੰ ਹੋਈ ਮੀਟਿੰਗ 11 ਘੰਟੇ ਦੇ ਕਰੀਬ ਚੱਲੀ ਸੀ। ਸੁਹਿਰਦ, ਸਕਾਰਾਤਮਕ ਤੇ ਊਸਾਰੂ ਮਾਹੌਲ ਵਿੱਚ ਹੋਈ ਇਸ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ‘ਆਪਸੀ ਰਜ਼ਾਮੰਦੀ ਨਾਲ ਐੱਲੲੇਸੀ ਤੋਂ ਪਿੱਛੇ ਹਟਣ ਤੇ ਤਲਖੀ ਘਟਾਉਣ ਦੀ ਸਹਿਮਤੀ’ ਦਿੱਤੀ ਸੀ।