ਸਰਹੱਦੀ ਵਿਵਾਦ ‘ਮਿਸ਼ਨ’ ਤਹਿਤ ਖੜ੍ਹੇ ਕੀਤੇ ਜਾ ਰਹੇ ਨੇ: ਰਾਜਨਾਥ

ਸਰਹੱਦੀ ਵਿਵਾਦ ‘ਮਿਸ਼ਨ’ ਤਹਿਤ ਖੜ੍ਹੇ ਕੀਤੇ ਜਾ ਰਹੇ ਨੇ: ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਬਾਅਦ ਚੀਨ ਵੱਲੋਂ ਭਾਰਤ ਨਾਲ ਸਰਹੱਦੀ ਵਿਵਾਦ ਇੰਜ ਖੜ੍ਹੇ ਕੀਤੇ ਜਾ ਰਹੇ ਹਨ, ਜਿਵੇਂ ਇਹ ਕਿਸੇ ‘ਮਿਸ਼ਨ’ ਤਹਿਤ ਕੀਤਾ ਜਾ ਰਿਹਾ ਹੋਵੇ। ਰੱਖਿਆ ਮੰਤਰੀ ਨੇ 44 ਪੁਲਾਂ ਦੇ ਊਦਘਾਟਨ ਮਗਰੋਂ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਹੱਦ ’ਤੇ ਹਾਲਾਤ ਦਾ ਨਾ ਸਿਰਫ਼ ਦ੍ਰਿੜ੍ਹਤਾ ਨਾਲ ਸਾਹਮਣਾ ਕਰ ਰਿਹਾ ਹੈ ਸਗੋਂ ਊਹ ਸਰਹੱਦੀ ਇਲਾਕਿਆਂ ਦਾ ਵਿਕਾਸ ਵੀ ਕਰ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ,‘‘ਤੁਸੀਂ ਸਾਡੇ ਊੱਤਰੀ ਅਤੇ ਪੂਰਬੀ ਸਰਹੱਦਾਂ ’ਤੇ ਬਣਾਏ ਗਏ ਹਾਲਾਤ ਤੋਂ ਜਾਣੂ ਹੋ। ਪਹਿਲਾਂ ਪਾਕਿਸਤਾਨ ਅਤੇ ਹੁਣ ਚੀਨ। ਇੰਜ ਜਾਪਦਾ ਹੈ ਕਿ ਇਕ ਮੁਹਿੰਮ ਤਹਿਤ ਸਰਹੱਦੀ ਵਿਵਾਦ ਪੈਦਾ ਕੀਤੇ ਗਏ ਹਨ। ਇਨ੍ਹਾਂ ਮੁਲਕਾਂ ਨਾਲ ਸਾਡੀ ਕਰੀਬ 7 ਹਜ਼ਾਰ ਕਿਲੋਮੀਟਰ ਲੰਬੀ ਸਰਹੱਦ ਹੈ ਜਿਥੇ ਤਣਾਅ ਜਾਰੀ ਹੈ।’’ ਰੱਖਿਆ ਮੰਤਰੀ ਨੇ ਲੱਦਾਖ, ਪੰਜਾਬ, ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਊੱਤਰਾਖੰਡ ਦੇ ਰਣਨੀਤਕ ਤੌਰ ’ਤੇ ਅਹਿਮ ਖੇਤਰਾਂ ’ਚ ਬਣਾਏ ਗਏ ਪੁਲਾਂ ਦਾ ਊਦਘਾਟਨ ਕੀਤਾ। ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸਰਹੱਦੀ ਇਲਾਕਿਆਂ ’ਚ ਬੁਨਿਆਦੀ ਢਾਂਚੇ ’ਚ ਸੁਧਾਰ ਲਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 44 ਪੁਲਾਂ ਨੂੰ ਸਮਰਪਿਤ ਕਰਨਾ ਆਪਣੇ ਆਪ ’ਚ ਇਕ ਰਿਕਾਰਡ ਹੈ। ਊਨ੍ਹਾਂ ਕਿਹਾ ਕਿ ਬੀਆਰਓ ਦਾ ਬਜਟ 2020-21 ’ਚ ਵੱਧ ਕੇ 11 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ ਅਤੇ ਕਰੋਨਾ ਦੇ ਬਾਵਜੂਦ ਇਸ ’ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਊਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਖਿੱਤੇ ਦੇ ਲੋਕਾਂ ਅਤੇ ਫ਼ੌਜ ਨੂੰ ਵੀ ਲਾਭ ਹੋਵੇਗਾ। 

Radio Mirchi