ਸਾਢੇ 4 ਲੱਖ ਤੋਂ ਵੱਧ ਅਮਰੀਕੀਆਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ, ਜਾਣੋ ਤਾਜ਼ਾ ਹਾਲਾਤ
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਇਸ ਕਾਰਨ ਅਮਰੀਕਾ ਵਿਚ ਹੁਣ ਤੱਕ 1 ਲੱਖ 6 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ 18 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 1,06,180 ਹੋ ਗਈ ਹੈ ਜਦਿਕ ਪੀੜਤਾਂ ਦੀ ਗਿਣਤੀ 18 ਲੱਖ ਦਾ ਅੰਕੜਾ ਪਾਰ ਕਰ ਕੇ 18,31,806 ਹੋ ਗਈ ਹੈ।
ਰਾਹਤ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਵੀ ਦਿੱਤੀ ਹੈ। ਅਮਰੀਕਾ ਵਿਚ 4.5 ਲੱਖ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਕੋਰੋਨਾ ਕਾਰਨ ਅਮਰੀਕਾ ਦਾ ਸੂਬਾ ਨਿਊਯਾਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਿਰਫ ਨਿਊਯਾਰਕ ਵਿਚ ਕੋਰੋਨਾ ਦੇ ਤਕਰੀਬਨ 4 ਲੱਖ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 29 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਨਿਊਜਰਸੀ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 1 ਲੱਖ ਤੋਂ ਵੱਧ ਮਾਮਲੇ ਆਏ ਹਨ ਜਦਕਿ 11 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਕ ਸਰਵੇ ਮੁਤਾਬਕ ਅਮਰੀਕਾ ਵਿਚ ਮਾਰੇ ਜਾਣ ਵਾਲੇ ਲੋਕਾਂ ਵਿਚੋਂ ਇਕ ਤਿਹਾਈ ਨਰਸਿੰਗ ਹੋਮਜ਼ ਦੇ ਮਰੀਜ਼ ਸਨ।
ਇਸ ਦੇ ਇਲਾਵਾ ਮੈਸਾਚੁਸਟੇਸ, ਮਿਸ਼ੀਗਨ, ਇਲਨਾਇਸ, ਕੈਲੀਫੋਰਨੀਆ, ਲੂਜ਼ਿਆਨਾ ਅਤੇ ਪੈਨਸਿਲਵੇਨੀਆ ਵਰਗੇ ਸੂਬੇ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਝੱਲ ਰਹੇ ਹਨ। ਇਨ੍ਹਾਂ ਸਾਰੇ ਸੂਬਿਆਂ ਵਿਚ ਕੋਰੋਨਾ ਦੇ ਢਾਈ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।