ਸਿਰਫ 11 ਦਿਨਾਂ ਵਿਚ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਸੋਨਾ, ਜਾਣੋ ਚਾਂਦੀ ਤੇ ਕੀ ਹੋਇਆ ਅਸਰ
ਮੁੰਬਈ — ਅਮਰੀਕਾ 'ਚ ਕਮਜ਼ੋਰ ਬੇਰੁਜ਼ਗਾਰੀ ਦੀ ਦਰ ਦੇ ਅੰਕੜਿਆਂ ਕਾਰਨ ਸੋਨੇ ਦੀਆਂ ਕੀਮਤਾਂÎ ਵਿਚ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਫਿਰ 1940 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ ਹਨ। ਹਾਲਾਂਕਿ ਮਾਹਰ ਆਉਣ ਵਾਲੇ ਦਿਨਾਂ ਵਿਚ ਫਿਰ ਸੋਨੇ ਦੀਆਂ ਕੀਮਤਾਂ ਵਿਚ ਕਮੀ ਦੀ ਭਵਿੱਖਬਾਣੀ ਕਰ ਰਹੇ ਹਨ। ਪਿਛਲੇ ਸੈਸ਼ਨ ਵਿਚ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਇੰਡੈਕਸ 'ਚ ਮਜ਼ਬੂਤੀ ਦੇ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਕਮੀ ਆਈ। ਪਰ ਬੇਰੁਜ਼ਗਾਰੀ ਅਤੇ ਨਿਰਮਾਣ ਇੰਡੈਕਸ ਦੇ ਕਮਜ਼ੋਰ ਅੰਕੜਿਆਂ ਕਾਰਨ ਆਰਥਿਕ ਸੁਧਾਰ ਦੀ ਉਮੀਦ ਨੂੰ ਝਟਕਾ ਲੱਗਾ ਹੈ।
ਕੀ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਘਟਣਗੀਆਂ?
ਮਾਹਰ ਮੰਨਦੇ ਹਨ ਕਿ ਸੋਨੇ ਦੀਆਂ ਕੀਮਤਾਂ ਮੌਜੂਦਾ ਪੱਧਰ ਤੋਂ ਹੋਰ ਹੇਠਾਂ ਆ ਸਕਦੀਆਂ ਹਨ। ਤਕਨੀਕੀ ਚਾਰਟ 'ਤੇ ਵੀ ਸੋਨਾ ਹੁਣ ਕਮਜ਼ੋਰ ਲੱਗ ਰਿਹਾ ਹੈ। ਹਾਲਾਂਕਿ ਅੱਜ ਸੋਨੇ ਦੀਆਂ ਕੀਮਤਾਂ ਸਥਿਰ ਰਹਿ ਸਕਦੀਆਂ ਹਨ ਜਾਂ ਥੋੜ੍ਹੀ ਤਬਦੀਲੀ ਦੀ ਉਮੀਦ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 54,311 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ 52,819 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਮਿਆਦ ਦੇ ਦੌਰਾਨ ਕੀਮਤਾਂ ਵਿਚ ਪ੍ਰਤੀ 10 ਗ੍ਰਾਮ 1,492 ਰੁਪਏ ਦੀ ਗਿਰਾਵਟ ਆਈ। ਮੁੰਬਈ ਵਿਚ 99.9 ਪ੍ਰਤੀਸ਼ਤ ਸੋਨੇ ਦੀ ਕੀਮਤ 52528 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ।