ਸਿੱਖ ਜੋੜੇ ਨੇ ਇੰਗਲੈਂਡ ’ਚ ਨਸਲੀ ਵਿਤਕਰੇ ਦਾ ਕੇਸ ਜਿੱਤਿਆ
ਇੰਗਲੈਂਡ ’ਚ ਰਹਿੰਦੇ ਸਿੱਖ ਜੋੜੇ ਨੇ ਆਪਣੇ ਨਾਲ ਹੋਏ ਨਸਲੀ ਵਿਤਕਰੇ ਦਾ ਕੇਸ ਅਦਾਲਤ ’ਚ ਜਿੱਤ ਲਿਆ ਹੈ। ਸਥਾਨਕ ਕਾਊਂਸਿਲ ਨੇ ਉਨ੍ਹਾਂ ਨੂੰ ਸ਼ਵੇਤ ਬੱਚਾ ਗੋਦ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਸੰਦੀਪ ਅਤੇ ਰੀਨਾ ਮੰਡੇਰ ਨੂੰ ਮੁਲਕ ਤੋਂ ਬਾਹਰ ਦਾ ਬੱਚਾ ਗੋਦ ਲੈਣ ਲਈ ਮਜਬੂਰ ਕੀਤਾ ਗਿਆ। ਰਾਇਲ ਬੋਰੋਅ ਆਫ਼ ਵਿੰਡਸਰ ਐਂਡ ਮੇਡਨਹੈੱਡ ਕਾਊਂਸਿਲ ਨੇ ਭਾਰਤੀ ਮੂਲ ਦਾ ਹੋਣ ਕਰਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਅਤੇ ਉਨ੍ਹਾਂ ਵੱਲੋਂ ਬੱਚਾ ਗੋਦ ਲੈਣ ਦੀ ਅਰਜ਼ੀ ਨੂੰ ਨਕਾਰ ਦਿੱਤਾ।
ਬਰਕਸ਼ਾਇਰ ਦੇ ਮੇਡਨਹੈੱਡ ’ਚ ਰਹਿੰਦੇ ਜੋੜੇ ਨੂੰ ਦੱਸਿਆ ਗਿਆ ਕਿ ਸਿਰਫ਼ ਬ੍ਰਿਟਿਸ਼ ਪ੍ਰੀ ਸਕੂਲ ਦੇ ਸ਼ਵੇਤ ਬੱਚੇ ਹੀ ਗੋਦ ਲਏ ਜਾ ਸਕਦੇ ਹਨ ਅਤੇ ਜੇਕਰ ਉਹ ਉਪ ਮਹਾਦੀਪ ਦੇ ਕਿਸੇ ਬੱਚੇ ਨੂੰ ਗੋਦ ਲੈਣ ਬਾਰੇ ਵਿਚਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਫਾਇਦਾ ਮਿਲੇਗਾ। ਜੋੜੇ ਨੇ 2016 ਦੇ ਫ਼ੈਸਲੇ ਨੂੰ ਪਲਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸਥਾਨਕ ਸੰਸਦ ਮੈਂਬਰ ਤਤਕਾਲੀ ਗ੍ਰਹਿ ਮੰਤਰੀ ਟੈਰੇਜ਼ਾ ਮੇਅ ਦੀ ਵੀ ਉਨ੍ਹਾਂ ਨੂੰ ਹਮਾਇਤ ਮਿਲ ਗਈ ਸੀ ਪਰ ਕਾਊਂਸਿਲ ਨੇ ਕੋਈ ਗੱਲ ਨਹੀਂ ਗੌਲੀ। ਸਮਾਨਤਾ ਅਤੇ ਮਨੁੱਖੀ ਅਧਿਕਾਰ ਬਾਰੇ ਕਮਿਸ਼ਨ ਦੀ ਹਮਾਇਤ ਨਾਲ ਜੋੜੇ ਨੇ ਸਥਾਨਕ ਕਾਊਂਸਿਲ ’ਤੇ ਵਿਤਕਰੇ ਦਾ ਦੋਸ਼ ਲਾਉਂਦਿਆਂ ਉਨ੍ਹਾਂ ’ਤੇ ਕੇਸ ਕੀਤਾ। ਚਾਰ ਦਿਨਾਂ ਤੱਕ ਆਕਸਫੋਰਡ ਕਾਊਂਟੀ ਅਦਾਲਤ ’ਚ ਸੁਣਵਾਈ ਮਗਰੋਂ ਜੱਜ ਮੇਲਿਸਾ ਕਲਾਰਕ ਨੇ ਜੋੜੇ ਦੇ ਹੱਕ ’ਚ ਫ਼ੈਸਲਾ ਸੁਣਾਇਆ ਅਤੇ ਕਾਊਂਸਿਲ ਨੂੰ ਹੁਕਮ ਦਿੱਤੇ ਕਿ ਦੋਹਾਂ ਨੂੰ 29,454.42-29,454.42 ਪੌਂਡ (ਕਰੀਬ 27 ਲੱਖ ਰੁਪਏ) ਅਦਾ ਕੀਤੇ ਜਾਣ।