ਸਿੱਧੂ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ
ਨਵੀਂ ਦਿੱਲੀ-ਦੋ ਦਿਨਾਂ ਦੀ ਜੱਦੋਜਹਿਦ ਮਗਰੋਂ ਪੰਜਾਬ ਸਰਕਾਰ ’ਚ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਕਰਤਾਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਮੌਕੇ ਪਾਕਿਸਤਾਨ ਜਾਣ ਲਈ ਹਰੀ ਝੰਡੀ ਮਿਲ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਅੱਜ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਸਿਆਸੀ ਪ੍ਰਵਾਨਗੀ ਦੇ ਦਿੱਤੀ ਹੈ।
ਸਿੱਧੂ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਵੱਲੋਂ ਮਿਲੇ ਸੱਦੇ ਮਗਰੋਂ ਵਿਦੇਸ਼ ਮੰਤਰਾਲੇ ਤੋਂ ਇਸ ਸਬੰਧੀ ਲੋੜੀਂਦੀ ਪ੍ਰਵਾਨਗੀ ਮੰਗੀ ਸੀ। ਸੂਤਰਾਂ ਨੇ ਕਿਹਾ ਕਿ ਸਿਆਸੀ ਪ੍ਰਵਾਨਗੀ ਤਹਿਤ ਸਿੱਧੂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਹੀ ਪਾਕਿਸਤਾਨ ਜਾ ਸਕਣਗੇ। ਇਸ ਦੌਰਾਨ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਵੱਲੋਂ ਪਾਸਪੋਰਟ ਦੀ ਸ਼ਰਤ ਲਾਜ਼ਮੀ ਕਰਾਰ ਦਿੱਤੇ ਜਾਣ ਦੇ ਬਿਆਨ ਕਰਕੇ ਬਣੇ ਸ਼ੰਸ਼ੋਪੰਜ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਦੋਵਾਂ ਮੁਲਕਾਂ ਵਿੱਚ ਤੈਅ ਸ਼ਰਤਾਂ ਮੁਤਾਬਕ ਹੀ 9 ਨਵੰਬਰ ਨੂੰ ਪਹਿਲਾ ਜਥਾ ਲਾਂਘੇ ਰਾਹੀਂ ਪਾਕਿਸਤਾਨ ਭੇਜਣਗੇ। ਤਰਜਮਾਨ ਨੇ ਸਾਫ਼ ਕਰ ਦਿੱਤਾ ਕਿ ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਮੌਕੇ ਪਾਸਪੋਰਟ ਨਾਲ ਰੱਖਣੇ ਹੋਣਗੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਫੇਰੀ ਦੀ ਇਜਾਜ਼ਤ ਲਈ ਮੁੜ ਮੁੜ ਗੁਜ਼ਾਰਿਸ਼ ਕੀਤੇ ਜਾਣ ਦਾ ਨੋਟਿਸ ਲੈਂਦਿਆਂ ਕਿਹਾ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ‘ਵੱਡਾ ਇਤਿਹਾਸਕ’ ਸਮਾਗਮ ਹੈ ਤੇ ਕਿਸੇ ਇਕ ‘ਵਿਅਕਤੀ ਵਿਸ਼ੇਸ਼’ ਨੂੰ ਲਗਾਤਾਰ ਉਭਾਰੇ ਜਾਣਾ ਇਸ ਨਾਲ ਨਾਇਨਸਾਫ਼ੀ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਹ ਟਿੱਪਣੀਆਂ ਸਿੱਧੂ ਵੱਲੋਂ ਮੰਤਰਾਲੇ ਨੂੰ ਲਿਖੇ ਪੱਤਰ ਦੇ ਸੰਦਰਭ ਵਿੱਚ ਕੀਤੀਆਂ। ਸਾਬਕਾ ਮੰਤਰੀ ਸਿੱਧੂ ਨੇ ਮੰਤਰਾਲੇ ਨੂੰ ਅੱਜ ਲਿਖੇ ਸੱਜਰੇ(ਤੀਜੇ) ਪੱਤਰ ਵਿੱਚ ਕਿਹਾ ਸੀ ਕਿ ਮੰਤਰਾਲਾ ਸਪਸ਼ਟ ਕਰੇ ਕਿ ਉਹਦੇ (ਸਿੱਧੂ) ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਜਾਣ ’ਤੇ ਮੰਤਰਾਲੇ ਨੂੰ ਕੋਈ ਉਜਰ ਹੈ ਜਾਂ ਨਹੀਂ। ਸਿੱਧੂ ਨੇ ਪੱਤਰ ਵਿੱਚ ਇਹ ਵੀ ਕਿਹਾ ਕਿ ਜੇਕਰ ਉਸ ਦੇ ਇਸ ਸੱਜਰੇ ਪੱਤਰ ਦਾ ਕੋਈ ਜਵਾਬ ਨਾ ਮਿਲਿਆ ਤਾਂ ਉਹ ‘ਹੋਰਨਾਂ ਸ਼ਰਧਾਲੂਆਂ’ ਵਾਂਗ ਸਰਹੱਦ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਏਗਾ। ਕੁਮਾਰ ਨੇ ਇਸ ਪੂਰੇ ਮੁੱਦੇ ’ਤੇ ਸਫ਼ਾਈ ਦਿੰਦਿਆਂ ਕਿਹਾ, ‘ਕਰਤਾਰਪੁਰ ਲਾਂਘੇ ਦਾ ਉਦਘਾਟਨ ‘ਵੱਡਾ ਇਤਿਹਾਸਕ ਮੌਕਾ ਹੈ, ਕਿਉਂਕਿ ਭਾਰਤ ਪਿਛਲੇ ਵੀਹ ਸਾਲਾਂ ਤੋਂ ਇਸ ਪਾਸੇ ਯਤਨਸ਼ੀਲ ਸੀ। ਮੇਰਾ ਮੰਨਣਾ ਹੈ ਕਿ 9 ਨਵੰਬਰ ਦਾ ਉਦਘਾਟਨੀ ਸਮਾਗਮ ‘ਵੱਡੀ ਘਟਨਾ’ ਹੈ ਤੇ ਕਿਸੇ ਇਕ ‘ਵਿਅਕਤੀ ਵਿਸ਼ੇਸ਼’ ਨੂੰ ਉਭਾਰੀ ਜਾਣਾ, ਇਸ ਨਾਲ ਕਿਸੇ ਬੇਇਨਸਾਫ਼ੀ ਤੋਂ ਘੱਟ ਨਹੀਂ ਹੋਵੇਗਾ।’ ਕੁਮਾਰ ਨੇ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਜਾ ਰਹੇ ਪਹਿਲੇ ਜਥੇ ਦੀ ਤਫ਼ਸੀਲ ਵੀ ਸਾਂਝੀ ਨਹੀਂ ਕੀਤੀ ਗਈ, ਕਿਉਂਕਿ ਇਹ ਸ਼ਰਧਾ ਦਾ ਮੁੱਦਾ ਹੈ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਭਾਰਨਾ ਅਹਿਮ ਨਹੀਂ।’