ਸਿੱਧੂ ਨੇ ਪਾਕਿ ਵਲੋਂ ਮਿਲਿਆ ਸੱਦਾ ਪੱਤਰ ਵਿਦੇਸ਼ ਮੰਤਰਾਲੇ ਨੂੰ ਭੇਜਿਆ

ਸਿੱਧੂ ਨੇ ਪਾਕਿ ਵਲੋਂ ਮਿਲਿਆ ਸੱਦਾ ਪੱਤਰ ਵਿਦੇਸ਼ ਮੰਤਰਾਲੇ ਨੂੰ ਭੇਜਿਆ

ਅੰਮ੍ਰਿਤਸਰ-ਪਾਕਿਸਤਾਨ ਸਰਕਾਰ ਵੱਲੋਂ 9 ਨਵੰਬਰ ਨੂੰ ਕਰਵਾਏ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਯਤਨਸ਼ੀਲ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਭੇਜਿਆ ਗਿਆ ਸੱਦਾ ਪੱਤਰ ਅੱਜ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਅਗਲੀ ਕਾਰਵਾਈ ਲਈ ਭੇਜਿਆ ਹੈ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸਜੇ ਸ਼ੰਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵੱਖ-ਵੱਖ ਪੱਤਰ ਭੇਜ ਕੇ ਪਾਕਿਸਤਾਨ ਜਾਣ ਵਾਸਤੇ ਲੋੜੀਂਦੀ ਮਨਜ਼ੂਰੀ ਦੇਣ ਲਈ ਅਪੀਲ ਕੀਤੀ ਸੀ। ਇਸ ਮਾਮਲੇ ਵਿੱਚ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਤੋਂ ਆਇਆ ਸੱਦਾ ਪੱਤਰ ਵੀ ਮੰਗਿਆ ਸੀ, ਜੋ ਹੁਣ ਦੁਬਾਰਾ ਸ੍ਰੀ ਸਿੱਧੂ ਵੱਲੋਂ ਭੇਜਿਆ ਗਿਆ ਹੈ। ਇਸ ਸਬੰਧ ਵਿੱਚ ਸ੍ਰੀ ਸਿੱਧੂ ਨੂੰ ਅੱਜ ਪਾਕਿਸਤਾਨੀ ਹਾਈ ਕਮਿਸ਼ਨਰ ਦਫਤਰ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੱਦਾ ਪੱਤਰ ਭੇਜਿਆ ਗਿਆ ਹੈ ਜਿਸ ’ਚ ਪ੍ਰੋਗਰਾਮ ਸਬੰਧੀ ਜਾਰੀ ਕੀਤੇ ਗਏ ਸੱਦਾ ਕਾਰਡ, ਪ੍ਰੋਗਰਾਮ ਦੇ ਵੇਰਵੇ ਅਤੇ ਹੋਰ ਜ਼ਰੂਰੀ ਸੂਚਨਾਵਾਂ ਸ਼ਾਮਲ ਹਨ। ਸੱਦਾ ਪੱਤਰ ਦੀ ਕਾਪੀ ਕਾਰਜਕਾਰੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਵੱਲੋਂ ਭੇਜੀ ਗਈ ਹੈ ਜਿਸ ਵਿਚ ਸ੍ਰੀ ਸਿੱਧੂ ਨੂੰ 9 ਨਵੰਬਰ ਨੂੰ ਪਾਕਿਸਤਾਨ ਸਥਿਤ ਨਾਰੋਵਾਲ ’ਚ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ ਰੱਖੇ ਗਏ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਰਸਮੀ ਸੱਦਾ ਕਾਰਡ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਕੀਤਾ ਹੋਇਆ ਹੈ। ਪ੍ਰੋਗਰਾਮ ਦੇ ਵੇਰਵਿਆਂ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 9 ਨਵੰਬਰ ਨੂੰ ਯਾਤਰੂ ਤੇ ਹੋਰ ਮਹਿਮਾਨ 11 ਵਜੇ ਤੱਕ ਉਦਘਾਟਨੀ ਸਥਾਨ ’ਤੇ ਪੁੱਜਣਗੇ। ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਪਗ 12 ਵਜੇ ਪੁੱਜਣਗੇ ਅਤੇ ਉਸਾਰੇ ਗਏ ਕੰਪਲੈਕਸ ਦਾ ਦੌਰਾ ਕਰਨਗੇ।
 

Radio Mirchi