ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ ਤੇ ਬੋਲੇ ਮੁਹੰਮਦ ਸਦੀਕ, ਦਿੱਤੀ ਇਹ ਨਸੀਹਤ

ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ ਤੇ ਬੋਲੇ ਮੁਹੰਮਦ ਸਦੀਕ, ਦਿੱਤੀ ਇਹ ਨਸੀਹਤ

ਜਲੰਧਰ  — ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲਾ ਦਾ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਵਿਵਾਦ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਇਹ ਵਿਵਾਦ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ। ਬੀਤੇ ਦਿਨ ਸਿੱਧੂ ਮੂਸੇ ਵਾਲਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ ਸੀ, ਜਿਸ ਤੋਂ ਬਾਅਦ ਵੱਖਰੇ-ਵੱਖਰੇ ਕਲਾਕਾਰ ਵੀ ਇਸ ਵਿਵਾਦ 'ਤੇ ਆਪਣੇ ਪੱਖ ਰੱਖ ਰਹੇ ਹਨ।
ਹਾਲ ਹੀ 'ਚ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਵਿਵਾਦ 'ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਮੁਹੰਮਦ ਸਦੀਕ ਨੇ ਕਿਹਾ, ਇਸ ਤਰ੍ਹਾਂ ਦੇ ਵਿਵਾਦ 'ਚ ਪੈਣ ਦਾ ਕੋਈ ਫਾਇਦਾ ਨਹੀਂ ਹੈ। ਜੇਕਰ ਇਸ ਤਰ੍ਹਾਂ ਦਾ ਵਿਵਾਦ ਹੁੰਦਾ ਵੀ ਹੈ ਤਾਂ ਚੁੱਪੀ ਵੱਟ ਲੈਣੀ ਚਾਹੀਦੀ ਹੈ। ਤੁਹਾਡੀ ਇੱਕ ਚੁੱਪ ਨਾਲ ਹਰ ਵਿਵਾਦ ਖ਼ਤਮ ਹੋ ਜਾਂਦਾ ਹੈ। ਜੇਕਰ ਤੁਸੀਂ ਕਿਸੇ ਦਾ ਜਵਾਬ ਸੋਸ਼ਲ ਮੀਡੀਆ 'ਤੇ ਦਿੰਦੇ ਹੋ ਤਾਂ ਉਹ ਵਿਵਾਦ ਬਣ ਜਾਂਦਾ ਹੈ। ਇਸ ਦਾ ਦੋਵੇਂ ਪੱਖਾਂ ਨੂੰ ਨੁਕਸਾਨ ਹੁੰਦਾ ਹੈ।
ਮੁਹੰਮਦ ਸਦੀਕ ਨੇ ਅੱਗੇ ਕਿਹਾ, ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੋਵੇਂ ਹੀ ਚੰਗੇ ਗਾਇਕ ਹਨ। ਦੋਵਾਂ ਦੇ ਗੀਤ ਨੌਜਵਾਨ ਪੀੜ੍ਹੀ 'ਚ ਕਾਫ਼ੀ ਮਕਬੂਲ ਹਨ। ਇਸ ਤੋਂ ਇਲਾਵਾ ਮੁਹੰਮਦ ਸਦੀਕ ਨੇ ਕਿਹਾ, ਨਾ ਤਾਂ ਬੱਬੂ ਮਾਨ ਨੇ ਆਪ ਜਾ ਕੇ ਦੇਖਿਆ ਕਿ ਸਿੱਧੂ ਮੂਸੇ ਵਾਲਾ ਦੇ ਸ਼ੋਅ 'ਚ ਜ਼ਿਆਦਾ ਇੱਕਠ ਹੈ ਅਤੇ ਨਾ ਹੀ ਸਿੱਧੂ ਮੂਸੇ ਵਾਲਾ ਨੇ ਬੱਬੂ ਮਾਨ ਦੇ ਸ਼ੋਅ 'ਚ ਜਾ ਕੇ ਇੱਕਠ ਦੇਖਿਆ, ਸੋ ਆਪਣੇ ਚਮਚਿਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਕਲਾਕਾਰ ਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ, ਜਿਸ ਨਾਲ ਲੋਕਾਂ 'ਤੇ ਗਲਤ ਅਸਰ ਪਵੇ। ਕਲਾਕਾਰ ਤਾਂ ਲੋਕਾਂ ਦੇ ਚਹੇਤੇ ਹੁੰਦੇ ਹਨ, ਲੋਕ ਆਪਣਾ ਕੰਮ ਛੱਡ ਕੇ ਪੈਸੇ ਖ਼ਰਚ ਕੇ ਤੁਹਾਨੂੰ ਸੁਣਨ ਆਉਂਦੇ ਹਨ। ਤੁਹਾਡੇ ਮੂਹੋਂ ਚੰਗੀਆਂ ਗੱਲਾਂ ਨਿਕਲਣ ਤਾਂ ਕੀ ਸੁਣਨ ਵਾਲਾ ਵੀ ਤੁਹਾਨੂੰ ਹਮੇਸ਼ਾ ਯਾਦ ਰੱਖੇ। ਅਜਿਹੀਆਂ ਲੜਾਈਆਂ 'ਚ ਪੈਣ ਦਾ ਕੋਈ ਫਾਇਦਾ ਨਹੀਂ ਹੈ।
ਕੰਪੀਟੀਸ਼ਨ ਤਾਂ ਲੋਕਾਂ ਦਾ ਹੁੰਦਾ ਹੈ, ਗਾਉਣ ਵਾਲੇ ਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ। ਨੌਜਵਾਨ ਪੜ੍ਹੇ-ਲਿਖੇ ਹਨ, ਜੋ ਅੱਜਕੱਲ੍ਹ ਵਿਹਲੇ ਹਨ। ਦੁਨੀਆ ਹੁਣ ਮੁੱਠੀ 'ਚ ਆ ਗਈ ਹੈ, ਜੋ ਕੁਝ ਵੀ ਅਮਰੀਕਾ ਹੁੰਦਾ ਹੈ, ਉਹ ਇੱਕ ਮਿੰਟ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਹੈ।
ਕੀ ਸੀ ਪੂਰਾ ਮਾਮਲਾ
ਬੀਤੇ ਦਿਨ ਸਿੱਧੂ ਮੂਸੇ ਵਾਲਾ ਬੱਬੂ ਮਾਨ ਦੇ ਪ੍ਰਸ਼ੰਸਕਾਂ 'ਤੇ ਖ਼ੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਅਤੇ ਗੱਲਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ 'ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ 'ਚ ਬੱਬੂ ਮਾਨ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਤੋਂ ਅਗਲੇ ਦਿਨ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਮੇ ਬਲੋਚਕ' ਰਿਲੀਜ਼ ਹੋਇਆ।
ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ, ਜਿਸ ਦਾ ਸਕ੍ਰੀਨ ਸ਼ਾਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕੁਮੈਂਟਸ 'ਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਉਸ ਨੂੰ ਫੋਨ 'ਤੇ ਮੈਸੇਜ 'ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਮੰਦਾ ਬੋਲਿਆ।
ਮੱਟ ਸ਼ੇਰੋਂ ਵਾਲਾ ਬੋਲੇ ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ 'ਤੇ
ਗੀਤਕਾਰ ਮੱਟ ਸ਼ੇਰੋਂਵਾਲਾ ਨੇ ਇਸ ਵਿਵਾਦ 'ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਫੈਨ (ਪ੍ਰਸ਼ੰਸਕ) ਹੋਣਾ ਗਲਤ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ-ਦੂਜੇ ਦੀ ਲੜਾਈ 'ਚ ਨਹੀਂ ਪੈਣਾ ਅਤੇ ਆਪਣੇ ਦਿਮਾਗ ਨੂੰ ਚੰਗੇ ਕੰਮਾਂ 'ਚ ਲਾਉਣਾ ਚਾਹੀਦਾ ਹੈ।
ਸਿੱਧੂ ਮੂਸੇ ਵਾਲਾ ਦੇ ਹੱਕ ’ਚ ਇੰਝ ਬੋਲੀ ਰੁਪਿੰਦਰ ਹਾਂਡਾ
ਬੀਤੇ ਦਿਨੀਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਆਈ ਸੀ। ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਇਕ ਪੋਸਟ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਹੈ, ਜਿਸ ’ਚ ਰੁਪਿੰਦਰ ਹਾਂਡਾ ਲਿਖਦੀ ਹੈ, ‘ਗੱਲ ਜ਼ਮੀਰ ਤੇ ਸੱਚ ਦੇ ਨਾਲ ਖੜ੍ਹਨ ਦੀ ਹੈ ਤੇ ਮੈਂ ਹਮੇਸਾ ਸੱਚ ਦੇ ਹੱਕ ’ਚ ਖੜ੍ਹੀ ਤੇ ਸਟੈਂਡ ਵੀ ਲਿਆ। ਜੇ ਕੋਈ ਇੱਜ਼ਤ ਦਿੰਦਾ ਤੇ ਦੁੱਗਣੀ ਕਰਕੇ ਮੋੜਦੇ ਆ ਤੇ ਜੇ ਕੋਈ ਤਿੜ-ਫਿੜ ਕਰਦਾ ਮੂੰਹ ’ਤੇ ਬੋਲਦੇ ਹਾਂ। 3 ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ, ਅੱਜ ਉਹ ਸਭ ਕੁਝ ਫਿਰ ਤਾਜ਼ਾ ਹੋ ਗਿਆ ਪਰ ਕਿਸੇ ਹੋਰ ਆਰਟਿਸਟ ਨਾਲ। ਉਸ ਵੇਲੇ ਮੇਰੇ ਹੱਕ ’ਚ ਇਕ ਵੀ ਆਰਟਿਸਟ ਦੀ ਆਵਾਜ਼ ਨਹੀਂ ਉੱਠੀ ਸੀ, ਜੇ ਅੱਜ ਵੀ ਚੁੱਪ ਰਹੇ ਤਾਂ ਕੱਲ ਨੂੰ ਇਹ ਕਿਸੇ ਹੋਰ ਆਰਟਿਸਟ ਨਾਲ ਵੀ ਹੋ ਸਕਦਾ ਪਰ ਬੋਲਣ ਦਾ ਜਿਗਰਾ ਸਭ ਕਰ ਨਹੀਂ ਪਾਉਂਦੇ।’

Radio Mirchi