ਸਿੱਧੂ ਮੂਸੇ ਵਾਲਾ ਦੀ ਪਿੰਡ ਦੇ ਮੁੰਡਿਆਂ ਨਾਲ ਇਹ ਵੀਡੀਓ ਵਾਇਰਲ, ਬਣੀ ਹਰ ਪਾਸੇ ਚਰਚਾ ਦਾ ਵਿਸ਼ਾ
ਜਲੰਧਰ - ਹਮੇਸ਼ਾ ਹੀ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿਣ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਬੈਠਾ ਹੈ। ਦਰਅਸਲ, ਕੁਝ ਦਿਨਾਂ ਤੋਂ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੋਈ ਪੋਸਟ ਨਹੀਂ ਸਾਂਝੀ ਕੀਤੀ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਖੀਰਲੀ ਪੋਸਟ 22 ਸਤੰਬਰ ਨੂੰ ਕਿਸਾਨਾਂ ਦੇ ਸਮਰਥਨ ਵਿਚ ਸਾਂਝੀ ਕੀਤੀ ਗਈ ਸੀ। ਹਾਲ ਹੀ ਵਿਚ ਸਿੱਧੂ ਮੂਸੇ ਵਾਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜ਼ਾਂ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਿੱਧੂ ਮੂਸੇ ਵਾਲਾ ਵਾਲੀਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਆਪਣੇ ਪਿੰਡ ਦੇ ਮੁੰਡਿਆਂ ਨਾਲ ਇਸ ਵਾਲੀਬਾਲ ਨੂੰ ਕਾਫ਼ੀ ਇੰਜੁਆਏ ਕਰਦੇ ਹੋਏ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਦੀ ਦੇਸੀ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਵੀ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਸਿੱਧੂ ਨੇ ਟਰੈਕ ਸੂਟ ਪਾਇਆ ਹੈ ਅਤੇ ਸਿਰ ਉੱਤੇ ਪਰਨਾ ਬੰਨ੍ਹਿਆ ਹੈ। ਇਸ ਦੌਰਾਨ ਸਿੱਧੂ ਨੇ ਪੈਰਾਂ ਵਿਚ ਚਪਲਾਂ ਪਾਈਆਂ ਹਨ। ਤੁਸੀਂ ਆਖ ਸਕਦੇ ਹੋ ਕਿ ਇੰਨਾ ਵੱਡਾ ਸਟਾਰ ਹੋਣ ਦੇ ਬਾਵਜੂਦ ਵੀ ਸਿੱਧੂ ਵਿਚ ਕੋਈ ਘਮੰਡ ਨਹੀਂ ਹੈ ਕਿਉਂ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਬੰਦੇ ਕੋਲ ਸ਼ੋਹਰਤ ਤੇ ਪੈਸਾ ਆ ਜਾਵੇ ਤਂ ਉਸ ਵਿਚ ਘਮੰਡ ਆਉਣਾ ਲਾਜ਼ਮੀ ਹੈ ਪਰ ਸਿੱਧੂ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੁਝ ਲੋਕ ਸ਼ੋਹਰਤ ਪਾਉਣ ਤੋਂ ਬਾਅਦ ਵੀ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੇ।
ਜੇ ਗੱਲ ਕਰੀਏ ਸਿੱਧੂ ਮੂਸੇ ਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕਾ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਇੰਨੀਂ ਦਿਨੀਂ ਉਹ ਕਿਸਾਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹਿਆ ਹੋਇਆ ਹੈ, ਜਿਸ ਦੇ ਚੱਲਦੇ ਉਹ ਵੀ ਪ੍ਰਦਰਸ਼ਨ ਵਿਚ ਨਜ਼ਰ ਆਉਂਦਾ ਰਹਿੰਦਾ ਹੈ।