ਸੀਆਰਪੀਐੱਫ ਅਮਲੇ ’ਤੇ ਗ੍ਰਨੇਡ ਹਮਲੇ ’ਚ ਨੌਜਵਾਨ ਜ਼ਖ਼ਮੀ
ਸ਼ੱਕੀ ਦਹਿਸ਼ਤਗਰਦਾਂ ਵੱਲੋਂ ਇਥੇ ਕਾਦੜਾ ਇਲਾਕੇ ਵਿੱਚ ਸੀਆਰਪੀਐੱਫ ਦੇ ਅਮਲੇ ’ਤੇ ਕੀਤੇ ਗ੍ਰਨੇਡ ਹਮਲੇ ਵਿੱਚ 16 ਸਾਲਾ ਲੜਕਾ ਜ਼ਖ਼ਮੀ ਹੋ ਗਿਆ। ਉਂਜ ਗ੍ਰਨੇਡ ਦੇ ਮਿੱਥੇ ਨਿਸ਼ਾਨੇ ਤੋਂ ਖੁੰਝਣ ਕਰਕੇ ਕਿਸੇ ਵੀ ਸੀਆਰਪੀਐਫ਼ ਜਵਾਨ ਨੂੰ ਸੱਟ-ਫੇਟ ਤੋਂ ਬਚਾਅ ਰਿਹਾ ਤੇ ਗ੍ਰਨੇਡ ਸੜਕ ਕੰਢੇ ਫਟ ਗਿਆ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਅੱਜ ਦੁਪਹਿਰ ਵੇਲੇ ਸ਼ਹਿਰ ਦੇ ਬਾਹਰਵਾਰ ਕਾਦੜਾ ਇਲਾਕੇ ’ਚ ਅਣਪਛਾਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਗ੍ਰਨੇਡ ਹਮਲੇ ਦਾ ਨਿਸ਼ਾਨਾ ਸੀਆਰਪੀਐੱਫ ਦਾ ਅਮਲਾ ਸੀ। ਅਧਿਕਾਰੀ ਨੇ ਕਿਹਾ ਕਿ ਜਦੋਂ ਗ੍ਰਨੇਡ ਫਟਿਆ ਉਦੋਂ ਇਕ ਲੜਕਾ ਸੜਕ ਤੋਂ ਲੰਘ ਰਿਹਾ ਸੀ, ਜਿਹੜਾ ਮਾਮੂਲੀ ਜ਼ਖ਼ਮੀ ਹੋ ਗਿਆ। ਉਂਜ ਹਮਲੇ ਵਿੱਚ ਦੋ ਨਿੱਜੀ ਵਾਹਨ ਨੁਕਸਾਨੇ ਗਏ। ਜ਼ਖ਼ਮੀ ਲੜਕੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਤੋਂ ਫੌਰੀ ਮਗਰੋਂ ਪੁਲੀਸ ਨੇ ਖੇਤਰ ਨੂੰ ਘੇਰਾ ਪਾ ਕੇ ਸਬੰਧਤ ਦਹਿਸ਼ਤਗਰਦਾਂ ਦੀ ਭਾਲ ’ਚ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।