ਸੀਏਏ ਦੀ ਥਾਂ ਪਾਕਿ ਦਾ ਵਿਰੋਧ ਕਰਨ ਵਿਰੋਧੀ ਧਿਰਾਂ: ਮੋਦੀ
ਕੌਮੀ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੀ ਕਾਂਗਰਸ ਤੇ ਇਸ ਦੇ ਭਾਈਵਾਲਾਂ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ 70 ਸਾਲਾਂ ਤੋਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ ’ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਇੱਕ ਸਮਾਗਮ ਦੌਰਾਨ 6 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਯੋਜਨਾ (ਪੀਐੱਮਕੇਐੱਸਵਾਈ) ਤਹਿਤ 12 ਹਜ਼ਾਰ ਕਰੋੜ ਰੁਪਏ ਵੀ ਵੰਡੇ।
ਪ੍ਰਧਾਨ ਮੰਤਰੀ ਨੇ ਟੁਮਕੁਰੂ ਨੇੜੇ ਸਿੱਧਗੰਗਾ ਮੱਠ ’ਚ ਸ਼ਿਵਕੁਮਾਰ ਸਵਾਮੀ ਦੇ ਮੰਦਰ ‘ਗੱਡੂਗੇ’ ’ਚ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ’ਚ ਸ਼ਰਨ ਭਾਲ ਰਹੇ ਗੁਆਂਢੀ ਮੁਲਕਾਂ ਦੇ ਲੋਕਾਂ ਦੀ ਮਦਦ ਤੇ ਰਾਖੀ ਕਰਨਾ ਉਨ੍ਹਾਂ ਦੀ ਸੱਭਿਆਚਾਰਕ ਤੇ ਕੌਮੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘ਉਹ ਜੋ ਭਾਰਤੀ ਸੰਸਦ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਦਾ ਚਿਹਰਾ ਆਲਮੀ ਮੰਚ ’ਤੇ ਬੇਨਕਾਬ ਕਰਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਆਵਾਜ਼ ਹੀ ਚੁੱਕਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਵੱਲੋਂ 70 ਸਾਲਾਂ ਤੋਂ ਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਖ਼ਿਲਾਫ਼ ਚੁੱਕ ਕੇ ਦਿਖਾਓ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਧਰਮ ਦੇ ਆਧਾਰ ’ਤੇ ਬਣਿਆ ਸੀ ਜਿਸ ਕਾਰਨ ਉੱਥੇ ਹਿੰਦੂਆਂ, ਸਿੱਖਾਂ, ਜੈਨੀਆਂ ਤੇ ਈਸਾਈਆਂ ਵਰਗੀਆਂ ਘੱਟ ਗਿਣਤੀਆਂ ’ਤੇ ਜ਼ੁਲਮ ਵੱਧ ਗਏ ਹਨ ਪਰ ਕਾਂਗਰਸ ਤੇ ਉਸ ਦੇ ਭਾਈਵਾਲ ਪਾਕਿਸਤਾਨ ਖ਼ਿਲਾਫ਼ ਨਹੀਂ ਬੋਲਦੇ। ਉਨ੍ਹਾਂ ਕਿਹਾ ਕਾਂਗਰਸ ਤੇ ਉਸ ਦੇ ਸਹਿਯੋਗੀ ਧਰਮ ਦੇ ਆਧਾਰ ’ਤੇ ਜ਼ੁਲਮ ਰੋਕਣ ਅਤੇ ਮਹਿਲਾਵਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਚੁੱਕੇ ਗਏ ਕਦਮਾਂ ਖ਼ਿਲਾਫ਼ ਰੈਲੀਆਂ ਤੇ ਮੁਜ਼ਾਹਰੇ ਕਰਦੇ ਹਨ। ਮੋਦੀ ਨੇ ਸਵਾਲ ਕੀਤਾ, ‘ਜੋ ਸੀਏਏ ਦਾ ਵਿਰੋਧ ਕਰਦੇ ਹਨ ਉਹ ਪਾਕਿਸਤਾਨ ਖ਼ਿਲਾਫ਼ ਕਿਉਂ ਨਹੀਂ ਬੋਲਦੇ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਿਹੜੀ ਗੱਲ ਰੋਕਦੀ ਹੈ।’
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਨੇ ਕਿਸਾਨਾਂ ਨੂੰ ਪੀਐੱਮਕੇਐੱਸਵਾਈ ’ਚ ਸ਼ਾਮਲ ਨਹੀਂ ਕੀਤਾ, ਉਨ੍ਹਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹੋਛੀ ਸਿਆਸਤ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ, ‘ਮੈਨੂੰ ਆਸ ਹੈ ਕਿ ਜਿਨ੍ਹਾਂ ਸੂਬਿਆਂ ਨੇ ਕਿਸਾਨਾਂ ਨੂੰ ਪੀਐੱਮਕੇਐੱਸਵਾਈ ’ਚ ਸ਼ਾਮਲ ਨਹੀਂ ਕੀਤਾ ਉਹ ਇਸ ਇਸ ਸਾਲ ਕਿਸਾਨਾਂ ਨੂੰ ਇਸ ਯੋਜਨਾ ਸ਼ਾਮਲ ਕਰ ਦੇਣਗੇ।’ ਸ੍ਰੀ ਮੋਦੀ ਨੇ ਇਸ ਮੌਕੇ ਚੋਣਵੇਂ ਕਿਸਾਨਾਂ ਨੂੰ ਕ੍ਰਿਸ਼ੀ ਕਰਮਨ ਐਵਾਰਡ ਅਤੇ ਕੁਝ ਮਛੇਰਿਆਂ ਨੂੰ ਮੱਛੀ ਫੜਨ ਵਾਲੀਆਂ ਕਿੱਟਾਂ ਵੰਡੀਆਂ।