ਸੀਏਏ ਵਿਰੋਧੀ ਪ੍ਰਦਰਸ਼ਨਕਾਰੀ ਮਹਿਲਾਵਾਂ ’ਤੇ ਪੁਲੀਸ ਨੇ ਡੰਡੇ ਵਰ੍ਹਾਏ

ਸੀਏਏ ਵਿਰੋਧੀ ਪ੍ਰਦਰਸ਼ਨਕਾਰੀ ਮਹਿਲਾਵਾਂ ’ਤੇ ਪੁਲੀਸ ਨੇ ਡੰਡੇ ਵਰ੍ਹਾਏ

ਇਟਾਵਾ ਜ਼ਿਲ੍ਹੇ ਵਿੱਚ ਪੁਲੀਸ ਨੇ ਨਾਗਰਿਕਤਾ ਕਾਨੂੰਨ ਵਿਰੁਧ ਧਰਨਾ ਦੇ ਰਹੀਆਂ ਮਹਿਲਾਵਾਂ ਦਾ ਪਿੱਛਾ ਕਰਕੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਇਸ ਸਬੰਧੀ ਵੀਡੀਓ ਕਲਿੱਪ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਪੁਲੀਸ ਕਰਮੀ ਮਹਿਲਾਵਾਂ ਦਾ ਪਿੱਛਾ ਕਰਦੇ ਅਤੇ ਉਨ੍ਹਾਂ ’ਤੇ ਡੰਡੇ ਵਰ੍ਹਾਉਂਦੇ ਨਜ਼ਰ ਆ ਰਹੇ ਹਨ। ਪੁਲੀਸ ਵਾਲੇ ਜਬਰੀ ਦੁਕਾਨਾਂ ਵਿੱਚ ਦਾਖ਼ਲ ਹੋ ਕੇ ਬੰਦ ਕਰਵਾਉਂਦੇ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਕਲਿੱਪ ਵਿੱਚ ਪਚਰਾਹਾ ਖੇਤਰ ਦੀ ਇੱਕ ਭੀੜੀ ਗਲੀ ਵਿੱਚ ਪੁਲੀਸ ਵਾਲੇ ਮਹਿਲਾਵਾਂ ਦਾ ਪਿੱਛਾ ਕਰ ਰਹੇ ਹਨ। 17 ਸਕਿੰਟਾਂ ਦੀ ਇਸ ਵੀਡੀਓ ਵਿੱਚ ਮਹਿਲਾਵਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ ਅਤੇ ਉਹ ਪੁਲੀਸ ਨੂੰ ਹਮਲੇ ਦਾ ਕਾਰਨ ਪੁੱਛਦੀਆਂ ਵੀ ਸੁਣਾਈ ਦਿੰਦੀਆਂ ਹਨ। ਪੁਲੀਸ ਵਲੋਂ ਖੇਤਰ ਵਿੱਚ ਇਕੱਠੇ ਹੋਏ ਪੁਰਸ਼ਾਂ ’ਤੇ ਵੀ ਲਾਠੀਚਾਰਜ ਕੀਤਾ ਜਾ ਰਿਹਾ ਹੈ। ਇੱਕ ਹੋਰ ਵੀਡੀਓ ਵਿੱਚ ਪੁਲੀਸ ਕਰਮੀ ਸੜਕ ਕਿਨਾਰੇ ਖਾਣ-ਪੀਣ ਵਾਲੀ ਦੁਕਾਨ ਵਿੱਚ ਦਾਖ਼ਲ ਹੋ ਕੇ ਮੁਲਾਜ਼ਮਾਂ ਦੀ ਕੁੱਟਮਾਰ ਕਰ ਰਹੇ ਹਨ ਅਤੇ ਜਬਰੀ ਦੁਕਾਨ ਬੰਦ ਕਰਵਾ ਰਹੇ ਹਨ। ਇਸ ਤੋਂ ਬਾਅਦ ਪੁਲੀਸ ਸੜਕ ਕਿਨਾਰੇ ਰੇਹੜੀ ਵਾਲੇ ਨੂੰ ਵੀ ਦੁਕਾਨ ਬੰਦ ਕਰਨ ਲਈ ਆਖ ਰਹੇ ਹਨ। ਇਸ ਵਿੱਚ ਪੁਲੀਸ ਮੁਲਾਜ਼ਮ ਪ੍ਰਦਰਸ਼ਨਕਾਰੀਆਂ ਨੂੰ ਗਾਲ੍ਹਾਂ ਕੱਢਦਾ ਵੀ ਸੁਣਾਈ ਦਿੰਦਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਪਚਰਾਹਾ ਵਿੱਚ ਸੀਏਏ ਦੇ ਵਿਰੋਧ ਵਿੱਚ ਕਰੀਬ 150 ਮਹਿਲਾਵਾਂ ਨੇ ਧਰਨਾ ਦਿੱਤਾ ਸੀ ਅਤੇ ਸ਼ਾਮ ਤੱਕ ਇਹ ਗਿਣਤੀ 500 ਤੋਂ ਵੀ ਟੱਪ ਗਈ। ਮਹਿਲਾਵਾਂ ਦੀ ਗਿਣਤੀ ਵਧਣ ਤੋਂ ਬਾਅਦ ਪੁਲੀਸ ਦਾ ਕਹਿਰ ਵਰਤਿਆ। ਇਸੇ ਦੌਰਾਨ ਈਟਾਵਾ ਪੁਲੀਸ ਨੇ ਟਵੀਟ ਕਰਕੇ ਕਿਹਾ ਹੈ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪੱੱਥਰਬਾਜ਼ੀ ਕੀਤੀ ਸੀ।

Radio Mirchi