ਸੀਤ ਲਹਿਰ ਨੇ ਉੱਤਰੀ ਭਾਰਤ ਨੂੰ ਛੇੜਿਆ ਕਾਂਬਾ

ਸੀਤ ਲਹਿਰ ਨੇ ਉੱਤਰੀ ਭਾਰਤ ਨੂੰ ਛੇੜਿਆ ਕਾਂਬਾ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ’ਚ ਸੀਤ ਲਹਿਰ ਨੇ ਕੰਬਣੀ ਛੇੜੀ ਹੋਈ ਹੈ। ਕਹਿਰ ਦੀ ਠੰਢ ਪੈਣ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਅਤੇ ਹਰਿਆਣਾ ’ਚ ਵੀਰਵਾਰ ਨੂੰ ਤਾਪਮਾਨ ਹੋਰ ਹੇਠਾਂ ਡਿੱਗ ਗਿਆ। ਦੋਵੇਂ ਸੂਬਿਆਂ ’ਚੋਂ ਸਭ ਤੋਂ ਠੰਢਾ ਹਰਿਆਣਾ ਦਾ ਨਾਰਨੌਲ ਰਿਹਾ ਜਿਥੇ ਘੱਟੋ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ’ਚੋਂ ਬਠਿੰਡਾ ਚਾਰ ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਚੰਡੀਗੜ੍ਹ ’ਚ ਕੱਲ ਵੱਧ ਤੋਂ ਵੱਧ ਤਾਪਮਾਨ ਨੇ 19 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਸੀ ਜਦੋਂ ਦਿਨ ਦਾ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਹੋਇਆ ਸੀ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ ਅਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਖ਼ਿੱਤੇ ਦੇ ਮੈਦਾਨੀ ਇਲਾਕਿਆਂ ’ਚ 28 ਦਸੰਬਰ ਦੇ ਕਰੀਬ ਸੰਘਣੀ ਧੁੰਦ ਪਵੇਗੀ ਅਤੇ ਇਸ ’ਚ 31 ਦਸੰਬਰ ਦੇ ਨੇੜੇ ਸੁਧਾਰ ਆਉਣ ਦੀ ਪੇਸ਼ੀਨਗੋਈ ਹੈ ਪਰ ਸੀਤ ਹਵਾਵਾਂ ਲੋਕਾਂ ਨੂੰ ਆਪਣੀ ਜਕੜ ’ਚ ਲੈਂਦੀਆਂ ਰਹਿਣਗੀਆਂ। ਕਈ ਸ਼ਹਿਰਾਂ ’ਚ ਬੁੱਧਵਾਰ ਦੀ ਰਾਤ ਠੰਢੀ ਰਹੀ। ਫ਼ਰੀਦਕੋਟ (4.5), ਲੁਧਿਆਣਾ (6.6), ਪਟਿਆਲਾ (6.4), ਹਲਵਾਰਾ (5.8), ਆਦਮਪੁਰ (6.8), ਪਠਾਨਕੋਟ (6.4) ਅਤੇ ਅੰਮ੍ਰਿਤਸਰ (6.5) ’ਚ ਲੋਕ ਠਰਦੇ ਰਹੇ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉਧਰ ਸ੍ਰੀਨਗਰ ’ਚ ਬੁੱਧਵਾਰ ਨੂੰ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ। ਮੌਸਮ ਵਿਭਾਗ ਮੁਤਾਬਕ ਪਾਰਾ ਮਨਫ਼ੀ 5 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਕਈ ਸਥਾਨਾਂ ’ਤੇ ਪਾਣੀ ਸਪਲਾਈ ਦੀਆਂ ਲਾਈਨਾਂ ਜੰਮ ਗਈਆਂ ਹਨ। ਕਸ਼ਮੀਰ ਅਤੇ ਲੱਦਾਖ ’ਚ ਘੱਟੋ ਘੱਟ ਪਾਰਾ ਕਈ ਡਿਗਰੀ ਹੇਠਾਂ ਚਲਾ ਗਿਆ ਹੈ ਪਰ ਵੀਰਵਾਰ ਨੂੰ ਅਸਮਾਨ ਸਾਫ਼ ਰਿਹਾ। ਗੁਲਮਰਗ ’ਚ ਪਾਰਾ ਮਨਫ਼ੀ 11.2, ਪਹਿਲਗਾਮ ’ਚ ਮਨਫ਼ੀ 12.7, ਕੁਪਵਾੜਾ ’ਚ ਮਨਫ਼ੀ 5.6 ਅਤੇ ਲੇਹ ’ਚ ਮਨਫ਼ੀ 18 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ’ਚ ਮੌਸਮ ਖੁਸ਼ਕ ਰਹੇਗਾ।

Radio Mirchi