ਸੀਮਾ ਵਿਵਾਦ: ਨੇਪਾਲ ਨੇ ਨਵੇਂ ਨਕਸ਼ੇ ਨੂੰ ਮਨਜ਼ੂਰੀ ਦਿੱਤੀ, ਲਿਪੂਲੇਖ ਤੇ ਕਾਲਾਪਾਣੀ ਨੂੰ ਕੀਤਾ ਸ਼ਾਮਲ
ਭਾਰਤ ਨਾਲ ਸਰਹੱਦੀ ਵਿਵਾਦ ਦੇ ਚੱਲਦਿਆਂ ਨੇਪਾਲ ਕੈਬਨਿਟ ਨੇ ਇਕ ਨਵੇਂ ਰਾਜਸੀ ਨਕਸ਼ੇ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਲਿਪੂਲੇਖ , ਕਾਲਾਪਾਣੀ ਅਤੇ ਲਿੰਪਿਆਧੁਰਾ ਨੂੰ ਨੇਪਾਲੀ ਇਲਾਕੇ ਵਿੱਚ ਦਿਖਾਇਆ ਗਿਆ ਹੈ। ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਾਲੀ ਨੇ ਇਸ ਦੇ ਐਲਾਨ ਤੋਂ ਕਈ ਹਫਤੇ ਪਹਿਲਾਂ ਕਿਹਾ ਸੀ ਕਿ ਕੂਟਨੀਤਕ ਪਹਿਲਕਦਮੀ ਰਾਹੀਂ ਭਾਰਤ ਨਾਲ ਸਰਹੱਦੀ ਵਿਵਾਦ ਨਿਜੱਠਣ ਦੀ ਕੋਸ਼ਿਸ਼ ਜਾਰੀ ਹੈ। ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਾਲਾਪਾਣੀ, ਲਿੰਪਿਆਧੁਰਾ ਅਤੇ ਲਿਪੂਲੇਖ ਨੂੰ ਨੇਪਾਲ ਦੀ ਸਰਹੱਦ ਵਿੱਚ ਵਾਪਸ ਲਿਆਉਣ ਦੀ ਮੰਗ ਕਰਦਿਆਂ ਸੰਸਦ ਵਿੱਚ ਵਿਸ਼ੇਸ਼ ਬਿੱਲ ਪੇਸ਼ ਕੀਤਾ ਸੀ। ਗਿਆਵਾਲੀ ਨੇ ਕਿਹਾ ਕਿ ਭੌਂ ਪ੍ਰਬੰਧਨ ਮੰਤਰਾਲਾ ਛੇਤੀ ਹੀ ਨੇਪਾਲ ਦਾ ਨਵਾਂ ਨਕਸ਼ਾ ਰਸਮੀ ਤੌਰ ’ਤੇ ਜਨਤਕ ਕਰੇਗਾ।