ਸੁਖਬੀਰ ਗੋਲਕ ਦਾ ਪੈਸਾ ਨਿੱਜੀ ਹਿੱਤਾਂ ਲਈ ਵਰਤ ਰਿਹੈ: ਢੀਂਡਸਾ

ਸੁਖਬੀਰ ਗੋਲਕ ਦਾ ਪੈਸਾ ਨਿੱਜੀ ਹਿੱਤਾਂ ਲਈ ਵਰਤ ਰਿਹੈ: ਢੀਂਡਸਾ

ਸ਼੍ਰੋਮਣੀ ਅਕਾਲੀ ਦਲ ’ਚੋਂ ਬਾਗੀ ਹੋਏ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੁਰੂ ਦੀ ਗੋਲਕ ਦਾ ਪੈਸਾ ਆਪਣੇ ਨਿੱਜੀ ਵਪਾਰਕ ਅਦਾਰਿਆਂ ਲਈ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਕੋਹਲੀ ਐਂਡ ਕੰਪਨੀ’ ਨੂੰ ਇੱਕ ਕਰੋੜ ਰੁਪਏ ਸਾਲਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿਚੋਂ ਦਿੱਤੇ ਜਾਂਦੇ ਹਨ ਜਦਕਿ ਇਹ ਕੰਪਨੀ ਆਡਿਟ ਬਾਦਲ ਪਰਿਵਾਰ ਦੇ ਵਪਾਰਕ ਅਦਾਰਿਆਂ ਦਾ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਰੂ ਦੀ ਗੋਲਕ ਦੀ ਲੁੱਟ ਉੱਤੇ ਪਰਦਾ ਪਾਉਣ ਲਈ ਸੁਖਬੀਰ ਸਿੰਘ ਬਾਦਲ ਦੇ ਕਹਿਣ ਉੱਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਆਡਿਟ ਦਾ ਕੰਮ ਇਸ ਕੰਪਨੀ ਨੂੰ ਸੌਂਪਿਆ ਹੈ। ਸ੍ਰੀ ਢੀਂਡਸਾ ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵਲੋਂ ਲਿਖੀ ਗਈ ਕਿਤਾਬ ‘ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਥਿਤੀ’ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ ਕੀਤੇ ਪ੍ਰਬੰਧਾਂ ਲਈ ਪੰਡਾਲ ਸਮੇਤ ਕਈ ਹੋਰ ਕੰਮਾਂ ਦੇ 12 ਕਰੋੜ ਰੁਪਏ ਦਾ ਠੇਕਾ ਇਸ ਕਾਰਜ ਦੀਆਂ ਮਾਹਿਰ ਕੰਪਨੀਆਂ ਨੂੰ ਛੱਡ ਕੇ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਪੀਟੀਸੀ ਦੀ ਹੀ ਇੱਕ ਹੋਰ ਸਹਿਯੋਗੀ ਕੰਪਨੀ ਨੂੰ ਦਿੱਤਾ ਗਿਆ। ਰਾਜ ਸਭਾ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਇਸ ਦੀ ਪਹਿਲੀ ਸ਼ਾਨ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਇਸ ਵੇਲੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਹੇਠਲੇ ਸ਼੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਏ ਬਿਨਾਂ ਸਿੱਖਾਂ ਦੀ ਚੜ੍ਹਦੀ ਕਲਾ ਹੋ ਹੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ ਅਤੇ ਗੁਰੂ ਦੀ ਗੋਲਕ ਦੀ ਲੁੱਟ ਦਾ ਪੈਸਾ ਬਾਦਲ ਪਰਿਵਾਰ ਦੀਆਂ ਤਿਜੋਰੀਆਂ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ ਬਜਟ ਦੇ ਬਰਾਬਰ ਦੀ ਭੇਟਾ ਤਾਂ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਤੋਂ ਹੀ ਹੋ ਜਾਂਦੀ ਹੈ ਤਾਂ ਫਿਰ ਬਾਕੀ ਗੁਰਦੁਆਰਾ ਸਾਹਿਬਾਨ ਦੀ ਗੋਲਕ ਦਾ ਪੈਸਾ ਕਿੱਥੇ ਜਾਂਦਾ ਹੈ। ਸੁਖਬੀਰ ਸਿੰਘ ਬਾਦਲ ਉੱਤੇ ਗੁਰਦੁਆਰਾ ਸਾਹਿਬਾਨ ਨੂੰ ਆਪਣੀ ਜਾਗੀਰ ਬਣਾ ਲੈਣ ਦੇ ਗੰਭੀਰ ਦੋਸ਼ ਲਾਉਂਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਪਿੱਛੇ ਬਣੇ ਗੁਰਦੁਆਰਾ ਭਾਈ ਗੁਰਬਖ਼ਸ਼ ਸਿੰਘ ਵਿਖੇ ਸਿਰਫ਼ ਤੇ ਸਿਰਫ਼ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਹੀ ਅਖੰਡ ਪਾਠ ਹੁੰਦੇ ਹਨ।
ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਕੋਈ ਵੀ ਸਿੱਖ ਉਸ ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਕਰਾ ਕੇ ਵਿਖਾਵੇ, ਉਸ ਨੂੰ ਇਹ ਹੀ ਜਵਾਬ ਮਿਲੇਗਾ ਕਿ ਇੱਥੇ ਅਗਲੇ ਵੀਹ ਸਾਲਾਂ ਲਈ ਹਰਸਿਮਰਤ ਕੌਰ ਬਾਦਲ ਨੇ ਪਾਠ ਬੁੱਕ ਕਰਵਾਏ ਹੋਏ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਅਰਬਾਂ ਰੁਪਏ ਦੀ ਜ਼ਮੀਨ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਪੰਜਾਬ ਸਰਕਾਰ ਨੂੰ ਦਿਵਾਈ ਗਈ ਅਤੇ ਬਾਅਦ ਵਿਚ ਉਹੀ ਜ਼ਮੀਨ ਸੁਖਬੀਰ ਨੇ ਆਪਣੇ ਇੱਕ ਚਹੇਤੇ ਨੂੰ ਅਲਾਟ ਕਰਵਾਈ ਜਿੱਥੇ ਹੁਣ ਇੱਕ ਬਹੁਮੰਜ਼ਿਲਾ ਸ਼ਾਪਿੰਗ ਕੰਪਲੈਕਸ ਬਣ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਪੜ੍ਹੇ ਲਿਖੇ ਤਬਕੇ ਨੂੰ ਇਸ ਨਾਜ਼ੁਕ ਸਥਿਤੀ ਵਿਚ ਜਾਗਣਾ ਚਾਹੀਦਾ ਹੈ ਤਾਂ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਵਿਚੋਂ ਮੁਕਤ ਕਰਵਾਇਆ ਜਾਵੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ ਵਿਚ ਉਹ ਸਾਰਾ ਵੇਰਵਾ ਦਿੱਤਾ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਰਾਮ ਰਹੀਮ ਨੂੰ ਮੁਆਫ਼ੀ ਦਿਵਾਈ ਗਈ ਅਤੇ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਨਿੱਕੇ ਤੋਂ ਨਿੱਕੇ ਕੰਮ ਵਿਚ ਸੁਖਬੀਰ ਸਿੰਘ ਬਾਦਲ ਦੀ ਦਖ਼ਲਅੰਦਾਜ਼ੀ ਰਹੀ ਹੈ। ਇਸ ਮੌਕੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਅਤੇ ਸਿੱਖ ਵਿਦਵਾਨ ਪ੍ਰੋ. ਬਲਕਾਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Radio Mirchi