ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 4 ਦਹਿਸ਼ਤਗਰਦ ਹਲਾਕ, 3 ਜਵਾਨ ਜ਼ਖ਼ਮੀ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ। ਕੱਲ੍ਹ ਸ਼ੋਪੀਆਂ ਵਿੱਚ ਪੂਰਾ ਦਿਨ ਚਲੇ ਮੁਕਾਬਲੇ ਵਿੱਚ ਹਿਜ਼ਬੁਲ ਦੇ ਕਮਾਂਡਰ ਸਮੇਤ 5 ਅਤਿਵਾਦੀ ਮਾਰੇ ਗਏ ਸਨ। ਇਸ ਤਰ੍ਹਾਂ ਬੀਤੇ 24 ਘੰਟਿਆਂ ਵਿੱਚ 9 ਦਹਿਸ਼ਤਗਰਦ ਮਾਰੇ ਗਏ ਹਨ। ਅੱਜ ਹੋਏ ਮੁਕਾਬਲੇ ਵਿੱਚ 3 ਫੌਜੀ ਜਵਾਨ ਵੀ ਗੰਭੀਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਦੇ ਪਿੰਜੋਰਾ ਇਲਾਕੇ ਵਿੱਚ ਦਹਿਸ਼ਤਗਰਦਾਂ ਦੇ ਹੋਣ ਦੀ ਸੂਚਨਾ ਮਿਲਣ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸੇ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾ ਦਿੱਤੀਆਂ। ਅੱਜ ਤੜਕੇ ਉਨ੍ਹਾਂ ਘਰਾਂ ਨੂੰ ਆਈਈਡੀ ਅਤੇ ਮੋਰਟਾਰ ਨਾਲ ਉਡਾ ਦਿੱਤਾ ਗਿਆ ਜਿਥੇ ਦਹਿਸ਼ਤਗਰਦ ਲੁਕੇ ਹੋਏ ਸਨ। ਖ਼ਬਰਾਂ ਅਨੁਸਾਰ ਘਰਾਂ ਦੇ ਮਲਬੇ ਵਿਚੋਂ 4 ਦਹਿਸ਼ਤਗਰਦਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਮੁਕਾਬਲੇ ਵਿੱਚ ਫੌਜ ਦੇ 3 ਜਵਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।