ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ, ਤਿੰਨ ਜਵਾਨ ਜ਼ਖ਼ਮੀ
ਸ੍ਰੀਨਗਰ ਦੇ ਨਵਾਕਦਮ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ ਅਤੇ 3 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਸ੍ਰੀਨਗਰ ਵਿੱਚ ਇੰਟਰਨੈਟ ਅਤੇ ਮੋਬਾਈਲ ਸੇਵਾ ਬੰਦ ਕਰ ਦਿੱਤੀ ਗਈ ਹੈ। ਨਵਾਕਦਮ ਇਲਾਕੇ ਵਿੱਚ ਦਹਿਸ਼ਤਗਰਦ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਰਾਤ 2 ਵਜੇ ਦੇ ਕਰੀਬ ਦਹਿਸ਼ਤਗਰਦਾਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਤੇ ਅੱਠ ਘੰਟੇ ਬਾਅਦ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਮਾਰ ਮੁਕਾਇਆ। ਮੁਕਾਬਲੇ ਵਿੱਚ ਤਿੰਨ ਸੁਰੱਖਿਆ ਜਵਾਨ ਵੀ ਜ਼ਖ਼ਮੀ ਹੋਏ ਹਨ। ਦਹਿਸ਼ਤਗਰਦਾਂ ਦੀ ਗਿਣਤੀ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ। ਮਾਰੇ ਗਏ ਦਹਿਸ਼ਤਗਰਦਾਂ ਵਿੱਚੋਂ ਇਕ ਦੀ ਪਛਾਣ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਅਸ਼ਰਫ ਸਹਿਰਾਈ ਦੇ ਪੁੱਤਰ ਜੁਨਾਈ ਸਹਿਰਾਈ ਵਜੋਂ ਹੋਈ ਹੈ। ਜੁਨਾਈ ਮਾਰਚ 2018 ਵਿੱਚ ਲਾਪਤਾ ਹੋ ਗਿਆ ਸੀ ਤੇ ਬਾਅਦ ਵਿੱਚ ਉਸਦੀ ਤਸਵੀਰ, ਏ ਕੇ 47 ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।