ਸੁਲਤਾਨਪੁਰ ਲੋਧੀ ਦੇ ਗੋਦਾਮਾਂ ’ਚ ਇਕ ਲੱਖ ਟਨ ਚੌਲ ਬਰਬਾਦ ਹੋਣ ਕੰਢੇ

ਸੁਲਤਾਨਪੁਰ ਲੋਧੀ ਦੇ ਗੋਦਾਮਾਂ ’ਚ ਇਕ ਲੱਖ ਟਨ ਚੌਲ ਬਰਬਾਦ ਹੋਣ ਕੰਢੇ

ਰੇਲਵੇ ਦੀ ਲਾਪ੍ਰਵਾਹੀ ਕਾਰਨ ਸੁਲਤਾਨਪੁਰ ਲੋਧੀ ’ਚ 800 ਕਰੋੜ ਰੁਪਏ ਦਾ ਅਨਾਜ ਬਰਬਾਦ ਹੋਣ ਦੀ ਕਗਾਰ ’ਤੇ ਹੈ। ਸੁਲਤਾਨਪੁਰ ਲੋਧੀ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਪ੍ਰਕਾਸ਼ ਪੁਰਬ ਦੇ ਸਮਾਗਮ ਸਮਾਪਤ ਹੁੰਦਿਆਂ ਹੀ ਰੇਲਵੇ ਦੇ ਡੀਆਰਐੱਮ ਕੋਲ ਪਹੁੰਚ ਕਰ ਕੇ ਮੰਗ ਕੀਤੀ ਸੀ ਕਿ ਐੱਫਸੀਆਈ ਦੇ ਗੋਦਾਮਾਂ ’ਚ ਪਏ 1 ਲੱਖ ਟਨ ਚੌਲ ਚੁੱਕੇ ਜਾਣ ਤਾਂ ਜੋ ਨਵੇਂ ਚੌਲ ਰੱਖਣ ਲਈ ਥਾਂ ਬਣ ਸਕੇ। ਸ਼ੈੱਲਰਾਂ ਵਾਲਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸੁਲਤਾਨਪੁਰ ਦੀ ਇਕੋ-ਇਕ ਖੇਤੀਬਾੜੀ ਆਧਾਰਿਤ ਰਾਈਸ ਮਿੱਲ ਬਚਾਉਣ ਲਈ ਅੱਗੇ ਆਉਣ ਤੇ ਕੇਂਦਰ ਸਰਕਾਰ ’ਤੇ ਦਬਾਅ ਬਣਾ ਕੇ ਪਿਛਲੇ ਸਾਲ ਦੇ ਚੌਲ ਚੁੱਕੇ ਜਾਣ।
ਜਥੇਬੰਦੀ ਦੇ ਆਗੂ ਅਨਿਲ ਅਰੋੜਾ ਨੇ ਦੱਸਿਆ ਕਿ ਅਜੇ ਤੱਕ ਸੁਲਤਾਨਪੁਰ ਲੋਧੀ ਦੇ ਸ਼ੈੱਲਰ ਚੱਲ ਨਹੀਂ ਸਕੇ ਜਦਕਿ 31 ਮਾਰਚ 2020 ਤੱਕ ਸਰਕਾਰ ਨੂੰ ਚੌਲ ਬਣਾ ਕੇ ਦੇਣੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਹੋ ਰਹੇ ਤਾਂ ਸ਼ੈੱਲਰ ਸਨਅਤ ਤਬਾਹ ਹੋ ਜਾਵੇਗੀ। ਜਥੇਬੰਦੀ ਦੇ ਆਗੂ ਐੱਫਸੀਆਈ ਦੇ ਪ੍ਰਬੰਧਕਾਂ ਤੱਕ ਵੀ ਪਹੁੰਚ ਕਰ ਰਹੇ ਹਨ ਪਰ ਕਿਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ 1.75 ਲੱਖ ਟਨ ਝੋਨਾ ਸ਼ੈੱਲਰਾਂ ’ਚ ਪਿਆ ਹੈ ਅਤੇ ਜੇ ਸਮੇਂ ਸਿਰ ਮਿਲਿੰਗ ਨਾ ਹੋਈ ਤਾਂ ਮਾਰਚ ਤੋਂ ਬਾਅਦ ਗਰਮੀ ਵਧਣ ਨਾਲ ਚੌਲ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਨਾਲ ਸ਼ੈੱਲਰਾਂ ਵਾਲਿਆਂ ਨੂੰ ਘਾਟਾ ਪੈਣ ਦਾ ਡਰ ਹੈ। ਸੁਲਤਾਨਪੁਰ ਲੋਧੀ ਦੇ ਰੇਲਵੇ ਸੇਟਸ਼ਨ ਦੀ ਨਵੇਂ ਸਿਰੇ ਤੋਂ ਦਿੱਖ ਸੁਧਾਰੀ ਜਾ ਰਹੀ ਸੀ ਜਿਸ ਕਾਰਨ ਉੱਥੇ ਮਾਲ ਗੱਡੀਆਂ ਨਹੀਂ ਲੱਗ ਰਹੀਆਂ ਸਨ। ਅਜੇ ਵੀ ਉਥੇ ਨਵਾਂ ਪਲੇਟਫਾਰਮ ਨਹੀਂ ਬਣਾਇਆ ਗਿਆ ਜਿੱਥੋਂ ਮਾਲ ਲੱਦਿਆ ਜਾ ਸਕੇ। ਅਨਿਲ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਸੁਲਤਾਨਪੁਰ ਲੋਧੀ ਵਿੱਚ ਬਣੇ ਐੱਫਸੀਆਈ ਦੇ ਗੋਦਾਮਾਂ ਵਿੱਚ 300 ਕਰੋੜ ਦੇ ਚੌਲ, 150 ਕਰੋੜ ਦੀ ਕਣਕ ਅਤੇ 350 ਕਰੋੜ ਦਾ ਝੋਨਾ ਪਿਆ ਹੈ। ਦੇਸ਼ ਦਾ ਇਹ 800 ਕਰੋੜ ਦਾ ਅਨਾਜ ਖਰਾਬ ਹੋ ਜਾਵੇਗਾ, ਜੇ ਸਮੇਂ ਸਿਰ ਇਸ ਨੂੰ ਨਾ ਚੁੱਕਿਆ ਗਿਆ।
ਉੱਧਰ ਐੱਫਸੀਆਈ ਦੇ ਠੇਕੇਦਾਰ ਦਾ ਕਹਿਣਾ ਸੀ ਕਿ ਉਹ ਪੁਰਾਣੇ ਚੌਲਾਂ ਨੂੰ ਮਾਲ ਗੱਡੀਆਂ ’ਚ ਲੱਦਣ ਲਈ ਮਲਸੀਆਂ ਜਾਂ ਕਪੂਰਥਲਾ ਰੇਲਵੇ ਸਟੇਸ਼ਨਾਂ ਤੱਕ ਵੀ ਜਾਣ ਲਈ ਤਿਆਰ ਹੈ ਤਾਂ ਜੋ ਅਨਾਜ ਖਰਾਬ ਨਾ ਹੋਵੇ।
ਸ਼ੈੱਲਰ ਨਾ ਚੱਲਣ ਕਾਰਨ ਲੇਬਰ ਵੀ ਵਿਹਲੀ ਬੈਠੀ ਹੈ। ਅਨਿਲ ਅਰੋੜਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਸਮਾਪਤ ਹੋਣ ਤੋਂ ਬਾਅਦ 13 ਨਵੰਬਰ ਨੂੰ ਉਹ ਡੀਆਰਐੱਮ ਨੂੰ ਮਿਲੇ ਸਨ ਤੇ ਜੇ ਸੁਲਤਾਨਪੁਰ ਲੋਧੀ ਦੇ ਸਟੇਸ਼ਨ ਤੋਂ ਮਾਲ ਗੱਡੀਆਂ ਨਹੀਂ ਚੱਲ ਸਕਦੀਆਂ ਤਾਂ ਉਨ੍ਹਾਂ ਨੂੰ ਬਦਲਵੇਂ ਪ੍ਰਬੰਧ ਵਜੋਂ ਕਪੂਰਥਲਾ ਸਟੇਸ਼ਨ ਤੋਂ ਮਾਲ ਢੋਹਣ ਦੀ ਆਗਿਆ ਦਿੱਤੀ ਜਾਵੇ।

Radio Mirchi