ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਸਲਮਾਨ ਤੇ ਸੱਤ ਹੋਰਾਂ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਅੱਜ ਇੱਥੇ ਸਥਾਨਕ ਅਦਾਲਤ ਵਿੱਚ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਸਣੇ ਅੱਠ ਜਣਿਆਂ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਾਇਰ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 3 ਜੁਲਾਈ ਲਈ ਨਿਰਧਾਰਿਤ ਕੀਤੀ ਹੈ।
ਚੀਫ ਜੁਡੀਸ਼ਲ ਮੈਜਿਸਟ੍ਰੇਟ ਐਡਵੋਕੇਟ ਸੁਧੀਰ ਕੁਮਾਰ ਓਝਾ ਦੀ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਅਾ ਹੈ ਕਿ ਇਨ੍ਹਾਂ ਅੱਠ ਜਣਿਆਂ ਨੇ ਸਾਜ਼ਿਸ਼ ਤਹਿਤ ਸੁਸ਼ਾਂਤ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਸ ਸ਼ਿਕਾਇਤ ਵਿੱਚ ਸਲਮਾਨ ਖਾਨ ਅਤੇ ਕਰਨ ਜੌਹਰ ਤੋਂ ਇਲਾਵਾ ਆਦਿੱਤਿਆ ਚੋਪੜਾ, ਸਾਜਿਦ ਨਾਡਿਆਡਵਾਲਾ, ਸੰਜੇ ਲੀਲਾ ਭੰਸਾਲੀ, ਭੂਸ਼ਨ ਕੁਮਾਰ, ਏਕਤਾ ਕਪੂਰ ਅਤੇ ਨਿਰਦੇਸ਼ਕ ਦਿਨੇਸ਼ ਦੇ ਨਾਂ ਸ਼ਾਮਲ ਹਨ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸਾਜ਼ਿਸ਼ ਤਹਿਤ ਸੁਸ਼ਾਂਤ ਦੀਆਂ ਫਿਲਮਾਂ ਰਿਲੀਜ਼ ਨਹੀਂ ਹੋਣ ਦਿੱਤੀਆਂ ਅਤੇ ਇਨ੍ਹਾਂ ਲੋਕਾਂ ਕਾਰਨ ਹੀ ਅਦਾਕਾਰ ਨੂੰ ਫਿਲਮਾਂ ਸਬੰਧੀ ਸਮਾਗਮਾਂ ਵਿੱਚ ਬੁਲਾਇਅਾ ਨਹੀਂ ਜਾਂਦਾ ਸੀ। ਇਹ ਸ਼ਿਕਾਇਤ ਧਾਰਾ 306, 109, 504 ਅਤੇ 506 ਅਧੀਨ ਦਾਇਰ ਕੀਤੀ ਗਈ ਹੈ ਅਤੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਗਵਾਹ ਵਜੋਂ ਸ਼ਾਮਲ ਕੀਤਾ ਗਿਆ ਹੈ।