ਸੇਵਾਦਾਰ ਦਾ ਕਤਲ: ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਭੜਕੇ ਡੇਰਾ ਪੈਰੋਕਾਰ
ਪਿੰਡ ਕੋਟਸੁਖੀਆ ਵਿਚ ਛੇ ਦਿਨ ਪਹਿਲਾਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਡੇਰਾ ਹਰਕਾ ਦਾਸ ’ਚ ਸੇਵਾਦਾਰ ਬਾਬਾ ਦਿਆਲ ਦਾਸ (60) ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਡੇਰਾ ਪੈਰੋਕਾਰਾਂ ਵਿਚ ਭਾਰੀ ਰੋਹ ਹੈ। ਡੇਰਾ ਪੈਰੋਕਾਰਾਂ ਨੇ ਅੱਜ ਪੁਲੀਸ ਨੂੰ ਇੱਕ ਹਫ਼ਤੇ ਤੱਕ ਦਾ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਸੇਵਾਦਾਰ ਦੇ ਹਤਿਆਰਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।
ਜਾਣਕਾਰੀ ਮੁਤਾਬਕ ਅੱਜ ਇਸ ਹੱਤਿਆ ਕਾਂਡ ਸਬੰਧੀ ਡੇਰਾ ਪੈਰੋਕਾਰਾਂ ਦੀ ਮੀਟਿੰਗ ਬਲਜਿੰਦਰ ਕੌਰ ਸਰਪੰਚ ਕੋਟਸੁਖੀਆ ਤੇ ਗੁਰਤੇਜ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਚਰਚਾ ਹੋਈ ਕਿ ਪੁਲੀਸ ਇਸ ਹੱਤਿਆ ਕਾਂਡ ਸਬੰਧੀ ਬਿਲਕੁਲ ਗੰਭੀਰ ਨਹੀ। ਜਾਣਕਾਰੀਆਂ ਦੇਣ ਦੇ ਬਾਵਜੂਦ ਪੁਲੀਸ ਮਾਮਲੇ ਨੂੰ ਹੱਲ ਕਰਨ ਵੱਲ ਨਹੀਂ ਵਧ ਰਹੀ ਹੈ ਜਦਕਿ ਪਿਛਲੇ ਛੇ ਦਿਨਾਂ ਤੋਂ ਮ੍ਰਿਤਕ ਦੀ ਦੇਹ ਦਾ ਸਸਕਾਰ ਨਹੀਂ ਕੀਤਾ ਗਿਆ ਹੈ। ਸੇਵਾਦਾਰ ਦੀ ਦੇਹ ਸੰਭਾਲ ਕੇਂਦਰ ਫ਼ਰੀਦਕੋਟ ਵਿੱਚ ਰੱਖੀ ਗਈ ਹੈ। ਦੱਸਣਯੋਗ ਹੈ ਕਿ ਲੰਘੀ 7 ਨਵੰਬਰ ਨੂੰ ਸੇਵਾਦਾਰ ਬਾਅਦ ਦੁਪਹਿਰ ਗਊਆਂ ਦੀ ਸੇਵਾ ਕਰਨ ਉਪਰੰਤ ਡੇਰੇ ਦੇ ਹੋਰ ਸੇਵਾਦਾਰਾਂ ਨਾਲ ਬੈਠਾ ਸੀ ਤਾਂ ਦੋ ਉੱਥੇ ਪੁੱਜੇ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਨਾਂ ਪੁੱਛਣ ਮਗਰੋਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਡੇਰੇ ਦੇ ਇੱਕ ਹੋਰ ਸੇਵਾਦਾਰ ਗਗਨਦਾਸ ਪੁੱਤਰ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਕੋਟਕਪੂਰਾ (ਦਿਹਾਤੀ) ਪੁਲੀਸ ਨੇ ਅਣਪਛਾਤੇ ਹਮਲਾਵਾਰਾਂ ਤੋਂ ਇਲਾਵਾ ਇਸ ਕੇਸ ਵਿਚ ਮੋਗਾ ਜ਼ਿਲ੍ਹੇ ਦੇ ਡੇਰਾ ਮੁਖੀ ਸੰਤ ਜਰਨੈਲ ਦਾਸ ਕਪੂਰੇ ਵਾਲੇ ਨੂੰ ਵੀ ਸ਼ੱਕ ਦੇ ਆਧਾਰ ’ਤੇ ਸ਼ਾਮਲ ਕੀਤਾ ਸੀ ਕਿਉਂਕਿ ਸੰਤ ਜਰਨੈਲ ਦਾਸ ਦਾ ਪੰਜਗਰਾਈਂ ਖੁਰਦ ਵਿਚ ਡੇਰੇ ਦੀ 54 ਕਿੱਲੇ ਜ਼ਮੀਨ ਸਬੰਧੀ ਝਗੜਾ ਚੱਲਦਾ ਹੈ ਪਰ ਹਾਲੇ ਤੱਕ ਪੁਲੀਸ ਕਿਸੇ ਠੋਸ ਨਤੀਜੇ ’ਤੇ ਨਹੀ ਪਹੁੰਚ ਸਕੀ ਹੈ।