ਸੈਕਰਾਮੈਂਟੋ ’ਚ ਸੜਕ ਹਾਦਸੇ ਦੌਰਾਨ ਪੁਲਸ ਅਫਸਰ ਸਮੇਤ 2 ਪੰਜਾਬੀਆਂ ਦੀ ਮੌਤ

ਸੈਕਰਾਮੈਂਟੋ ’ਚ ਸੜਕ ਹਾਦਸੇ ਦੌਰਾਨ ਪੁਲਸ ਅਫਸਰ ਸਮੇਤ 2 ਪੰਜਾਬੀਆਂ ਦੀ ਮੌਤ

ਫਰਿਜ਼ਨੋ  - ਸੈਕਰਾਮੈਂਟੋ ਕਾਉਟੀ ਦੇ ਸ਼ਹਿਰ ਗਾਲਟ ’ਚ ਤਾਇਨਾਤ ਪੁਲਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। 27 ਸਾਲਾ ਹਰਮਿੰਦਰ ਗਰੇਵਾਲ ਗ੍ਰਾਂਟ ਲਾਈਨ ਰੋਡ ’ਤੇ ਲੱਗੀ ਅੱਗ ਦਾ ਜਾਇਜ਼ਾ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆ ਰਿਹਾ ਪਿਕਅੱਪ ਟਰੱਕ ਉਸਦੀ ਗੱਡੀ ਨਾਲ ਟਕਰਾ ਗਿਆ, ਜਿਸ ਕਰਕੇ ਹਰਮਿੰਦਰ ਸਿੰਘ ਗਰੇਵਾਲ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਮੌਤ ਹੋ ਗਈ। ਪਿਕਅੱਪ ਟਰੱਕ ਦਾ ਡਰਾਇਵਰ ਵੀ ਪੰਜਾਬੀ ਮਨਜੋਤ ਸਿੰਘ ਥਿੰਦ ਸੀ। ਉਸਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ।
ਹਰਮਿੰਦਰ ਸਿੰਘ ਗਰੇਵਾਲ ਗਾਲਟ ਵਿਖੇ ਆਪਣੇ ਮਾਂ-ਬਾਪ ਅਤੇ ਭਰਾ ਨਾਲ ਰਹਿ ਰਿਹਾ ਸੀ। ਉਸਦਾ ਪਿਛਲਾ ਪਿੰਡ ਗਾਲਬ, ਜ਼ਿਲ੍ਹਾ ਲੁਧਿਆਣਾ ਸੀ। ਦੂਜੇ ਮਰਨ ਵਾਲੇ ਪੰਜਾਬੀ ਨੌਜਵਾਨ ਮਨਜੋਤ ਸਿੰਘ ਥਿੰਦ ਦਾ ਪਿਛਲਾ ਪਿੰਡ ਰਾਏਕੋਟ, ਜ਼ਿਲ੍ਹਾ ਲੁਧਿਆਣਾ ਸੀ ਅਤੇ ਉਹ ਇਥੇ ਮਨਟੀਕਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਹਰਮਿੰਦਰ ਸਿੰਘ ਗਰੇਵਾਲ ਪਿਛਲੇ ਲਗਭਗ ਢਾਈ ਸਾਲਾਂ ਤੋਂ ਗਾਲਟ ਪੁਲਸ ਵਿਭਾਗ ’ਚ ਸ਼ਾਮਲ ਹੋਇਆ ਸੀ। ਪੁਲਸ ਅਧਿਕਾਰੀਆਂ ਅਨੁਸਾਰ ਉਹ ਇਕ ਬਹਾਦਰ, ਨਿਡਰ ਅਤੇ ਦਯਾਲੂ ਵਿਅਕਤੀ ਸੀ। ਉਸ ਨੇ ਆਪਣੀ ਨੌਕਰੀ ਦੌਰਾਨ ਕਈ ਬਹਾਦਰੀ ਵਾਲੇ ਇਨਾਮ ਵੀ ਜਿੱਤੇ ਸਨ। ਉਹ ਸਾਲ 2020 ਦਾ ਬੈਸਟ ਅਧਿਕਾਰੀ ਵੀ ਚੁਣਿਆ ਗਿਆ ਸੀ। ਇਸ ਹਾਦਸੇ ਦੌਰਾਨ ਹੋਈਆਂ ਮੌਤਾਂ ਕਾਰਨ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਹੈ। ਗਾਲਟ ਦੇ ਮੇਅਰ ਪਰਗਟ ਸਿੰਘ ਸੰਧੂ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਕਮਿਸ਼ਨਰ ਕਸ਼ਮੀਰ ਸਿੰਘ ਸ਼ਾਹੀ, ਕਮਿਸ਼ਨਰ ਪਰਮਿੰਦਰ ਸਿੰਘ ਸ਼ਾਹੀ, ਕਾਉਟੀ ਸੁਪਰਵਾਈਜ਼ਰ ਮੈਨੀ ਗਰੇਵਾਲ ਨੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

Radio Mirchi