ਸੋਨੀਆ ਗਾਂਧੀ ਨੂੰ ਅੱਜ ਮਿਲਣਗੇ ਕੈਪਟਨ

ਸੋਨੀਆ ਗਾਂਧੀ ਨੂੰ ਅੱਜ ਮਿਲਣਗੇ ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚ ਗਏ ਹਨ ਜਿੱਥੇ ਉਹ ਸੋਮਵਾਰ ਉਨ੍ਹਾਂ ਨਾਲ ਮੀਟਿੰਗ ਕਰਨਗੇ। ਮੀਟਿੰਗ ਵਿੱਚ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਬਾਰੇ ਫ਼ੈਸਲਾ ਲਏ ਜਾਣ ਦੀ ਉਮੀਦ ਹੈ। ਮੁੱਖ ਮੰਤਰੀ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਲਾਵਾ ਇੱਕ, ਦੋ ਹੋਰ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਮੁੱਖ ਮੰਤਰੀ ਸੰਵਿਧਾਨਕ ਸੋਧ ਐਕਟ ਵਿਰੁੱਧ ਸਖ਼ਤ ਸਟੈਂਡ ਲੈਣ ਅਤੇ ਪੰਜਾਬ ਵਿਧਾਨ ਸਭਾ ਦੁਆਰਾ ਐਕਟ ਵਿਰੁੱਧ ਮਤਾ ਪਾਸ ਕਰਨ ਮਗਰੋਂ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਨਗੇ। ਕਾਂਗਰਸ ਹਾਈਕਮਾਂਡ ਇਸ ਐਕਟ ਦੇ ਸਖ਼ਤ ਖ਼ਿਲਾਫ਼ ਹੈ ਤੇ ਇਸ ਕਰ ਕੇ ਇਸ ਮੁੱਦੇ ’ਤੇ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਦਾ ਥਾਪੜਾ ਮਿਲਣ ਦੀ ਉਮੀਦ ਹੈ। ਦੂਜਾ ਮੁੱਖ ਮੰਤਰੀ ਕਾਫੀ ਸਮੇਂ ਤੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਗਾਂਧੀ ਨੂੰ ਮਿਲੇ ਵੀ ਨਹੀਂ ਸਨ। ਮੀਟਿੰਗ ਦੌਰਾਨ ਪੰਜਾਬ ਵਜ਼ਾਰਤ ਦੇ ਵਿਸਥਾਰ, ਇੱਕ-ਦੋ ਮੰਤਰੀਆਂ ਦੀ ਛਾਂਟੀ ਅਤੇ ਉਨ੍ਹਾਂ ਦੀ ਥਾਂ ਨਵੇਂ ਲਏ ਜਾਣ ਮੰਤਰੀਆਂ ਦੀ ਪ੍ਰਵਾਨਗੀ ਲੈਣਾ ਸ਼ਾਮਲ ਹੈ। ਮੁੱਖ ਮੰਤਰੀ ਕੈਬਨਿਟ ਤੋਂ ਹਟਾਏ ਗਏ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੁੜ ਵਜ਼ਾਰਤ ਵਿੱਚ ਲੈਣ ਦੇ ਇਛੁੱਕ ਹਨ ਜਿਸ ਲਈ ਉਹ ਯਤਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ;ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਪਿਛਲੇ ਦਿਨੀਂ ਕੀਤੀ ਬਿਆਨਬਾਜ਼ੀ ਦਾ ਮਾਮਲਾ ਵੀ ਉੱਠਣ ਦੀ ਵੀ ਸੰਭਾਵਨਾ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੰਤਰੀਆਂ ਨੇ ਸ੍ਰੀ ਬਾਜਵਾ ਵਿਰੁੱਧ ਅਨੁਸਾਸ਼ਨੀ ਕਾਰਵਾਈ ਕਰਨ ਦਾ ਮਾਮਲਾ ਉਠਾਇਆ ਸੀ ਅਤੇ ਕੁਝ ਮੰਤਰੀਆਂ ਨੇ ਦਬਵੀਂ ਸੁਰ ਵਿੱਚ ਕਿਹਾ ਕਿ ਸ੍ਰੀ ਬਾਜਵਾ ਵੱਲੋਂ ਉਠਾਏ ਗਏ ਮੁੱਦੇ ਸਹੀ ਹਨ। ਸ੍ਰੀ ਬਾਜਵਾ ਨੇ ਵੀ ਦਾਅਵਾ ਕੀਤਾ ਸੀ ਕਿ ਕੁਝ ਮੰਤਰੀਆਂ ਨੇ ਫੋਨ ਕਰ ਕੇ ਉਨ੍ਹਾਂ ਦੀ ਹਮਾਇਤ ਕੀਤੀ ਹੈ ਪਰ ਉਨ੍ਹਾਂ ਨੇ ਕਿਸੇ ਮੰਤਰੀ ਦਾ ਨਾਂ ਇਹ ਕਹਿ ਕੇ ਦੱਸਣ ਤੋਂ ਨਾਂਹ ਕਰ ਦਿੱਤੀ ਸੀ ਕਿ ਇਸ ਨਾਲ ਉਨ੍ਹਾਂ ਦੀ ਵਜ਼ਾਰਤ ਤੋਂ ਛਾਂਟੀ ਹੋ ਸਕਦੀ ਹੈ। ਇਸ ਲਈ ਉਹ ਕਿਸੇ ਹੋਰ ਛਾਂਟੀ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ ਕਿਉਂਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਜਨਤਕ ਤੌਰ ’ਤੇ ਕੀਤੀ ਬਿਆਨਬਾਜ਼ੀ ਕਰ ਕੇ ਵਜ਼ਾਰਤ ਤੋਂ ਬਾਹਰ ਹੋ ਚੁੱਕੇ ਹਨ। ਰਾਜਨੀਤਕ ਕਾਰਨ ਕਰ ਕੇ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ। ਦੂਜਾ ਕੈਪਟਨ ਸਰਕਾਰ ਨੂੰ ਸੱਤਾ ਵਿਚ ਆਇਆ ਲਗਪਗ ਤਿੰਨ ਸਾਲ ਮੁਕੰਮਲ ਹੋ ਚੁੱਕੇ ਹਨ ਬਕਾਇਆ ਦੋ ਸਾਲਾਂ ਵਿੱਚ ਰਾਜ ਸਰਕਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਜਿਨ੍ਹਾਂ ਦੇ ਟਾਕਰੇ ਲਈ ਰਣਨੀਤੀ ਬਾਰੇ ਵੀ ਚਰਚਾ ਹੋ ਸਕਦੀ ਹੈ। ਕਾਂਗਰਸ ਪ੍ਰਧਾਨ ਨਾਲ ਮੀਟਿੰਗ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸੱਦੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਵਜ਼ਾਰਤ ਵਿੱਚ ਰੱਦੋਬਦਲ ਦੇ ਮੁੱਦੇ ’ਤੇ ਉਨ੍ਹਾਂ ਦੀ ਸਹਿਮਤੀ ਵੀ ਜ਼ਰੂਰੀ ਹੈ।

Radio Mirchi