ਸੋਪੋਰ ਬੱਸ ਅੱਡੇ ’ਤੇ ਗ੍ਰਨੇਡ ਹਮਲਾ, 20 ਜ਼ਖ਼ਮੀ

ਸੋਪੋਰ ਬੱਸ ਅੱਡੇ ’ਤੇ ਗ੍ਰਨੇਡ ਹਮਲਾ, 20 ਜ਼ਖ਼ਮੀ

ਨਵੀਂ ਦਿੱਲੀ-ਯੂਰੋਪੀਅਨ ਯੂਨੀਅਨ ਸੰਸਦ ਮੈਂਬਰਾਂ ਦੇ ਭਲਕੇ ਕਸ਼ਮੀਰ ਦੌਰੇ ਤੋਂ ਪਹਿਲਾਂ ਅੱਜ ਦਹਿਸ਼ਤਗਰਦਾਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਦੇ ਇਕ ਬੱਸ ਸਟਾਪ ’ਤੇ ਗ੍ਰਨੇਡ ਹਮਲਾ ਕੀਤਾ। ਹਮਲੇ ਵਿਚ ਸਟਾਪ ’ਤੇ ਬੱਸ ਉਡੀਕ ਕਰ ਰਹੇ ਕਰੀਬ 20 ਜਣੇ ਜ਼ਖ਼ਮੀ ਹੋ ਗਏ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਕੋਈ ਵਿਦੇਸ਼ੀ ਵਫ਼ਦ ਵਾਦੀ ਦਾ ਦੌਰਾ ਕਰ ਰਿਹਾ ਹੈ।
ਇਸ ਹਮਲੇ ਵਿਚ ਛੇ ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ। ਫੱਟੜਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਔਰਤਾਂ ਵੀ ਸ਼ਾਮਲ ਹਨ। ਤਿੰਨ ਦਿਨਾਂ ਵਿਚ ਇਹ ਦੂਜਾ ਗ੍ਰਨੇਡ ਹਮਲਾ ਹੈ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਤੇ ਜ਼ਿੰਮੇਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਪੁਲੀਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਮੈਂਬਰਾਂ ਨੇ ਵੀ ਕਸ਼ਮੀਰ ਦੀ ਸਥਿਤੀ ’ਤੇ ਫ਼ਿਕਰ ਜ਼ਾਹਿਰ ਕੀਤਾ ਸੀ। ਉਨ੍ਹਾਂ ਉੱਥੇ ਵਿਦੇਸ਼ੀ ਸਫ਼ੀਰਾਂ ਅਤੇ ਮੀਡੀਆ ਪਹੁੰਚ ’ਤੇ ਲੱਗੀਆਂ ਰੋਕਾਂ ਦਾ ਜ਼ਿਕਰ ਕੀਤਾ ਸੀ। ਇਸੇ ਦੌਰਾਨ ਪਾਕਿਸਤਾਨ ਨੇ ਅੱਜ ਫੇਰ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਮੂਹਰਲੀਆਂ ਚੌਕੀਆਂ ਤੇ ਪਿੰਡਾਂ ਵੱਲ ਮੋਰਟਾਰ ਦਾਗੇ। ਜ਼ਿਕਰਯੋਗ ਹੈ ਕਿ ਰਾਜੌਰੀ ਵਿਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਟਰੋਲ ਰੇਖਾ ’ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਈ ਸੀ। ਫੌਜੀ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਦੁਪਹਿਰੇ ਕਰੀਬ 2.30 ਵਜੇ ਸ਼ੁਰੂ ਹੋਈ ਤੇ ਪਾਕਿ ਨੇ ਨੌਸ਼ਹਿਰਾ ਸੈਕਟਰ ਵਿਚ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਗੋਲੀਬਾਰੀ ਕਾਫ਼ੀ ਦੇਰ ਤੱਕ ਚੱਲਦੀ ਰਹੀ।

Radio Mirchi