ਸ੍ਰੀਨਗਰ: ਗ੍ਰਨੇਡ ਹਮਲੇ ਵਿਚ 9 ਜ਼ਖ਼ਮੀ
ਸ੍ਰੀਨਗਰ ਦੇ ਲਾਲ ਚੌਕ ਇਲਾਕੇ ’ਚ ਅੱਜ ਗ੍ਰਨੇਡ ਹਮਲੇ ’ਚ ਦੋ ਸੀਆਰਪੀਐੱਫ ਜਵਾਨ ਤੇ ਸੱਤ ਨਾਗਰਿਕ ਜ਼ਖ਼ਮੀ ਹੋ ਗਏ। ਵੇਰਵਿਆਂ ਮੁਤਾਬਕ ਦਹਿਸ਼ਤਗਰਦਾਂ ਨੇ ਰੁਝੇਵਿਆਂ ਵਾਲੇ ਲਾਲ ਚੌਕ ਕੋਲ ਪ੍ਰਤਾਪ ਪਾਰਕ ਨੇੜੇ ਤਾਇਨਾਤ ਸੀਆਰਪੀਐੱਫ ਕਰਮੀਆਂ ’ਤੇ ਗ੍ਰਨੇਡ ਸੁੱਟਿਆ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਧਮਾਕੇ ਨਾਲ ਇਲਾਕੇ ’ਚ ਸਹਿਮ ਫੈਲ ਗਿਆ। ਹਫ਼ਤੇ ਦੇ ਅੰਤ ਕਾਰਨ ਵੱਡੀ ਗਿਣਤੀ ਲੋਕ ਬਾਜ਼ਾਰ ਆਏ ਹੋਏ ਸਨ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ। ਪਾਕਿਸਤਾਨੀ ਫ਼ੌਜ ਨੇ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਮੋਹਰਲੀ ਕਤਾਰ ਦੀਆਂ ਪੋਸਟਾਂ ਤੇ ਪਿੰਡਾਂ ਉਤੇ ਗੋਲੀਬਾਰੀ ਕੀਤੀ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਗੋਲੀਬਾਰੀ ਬਾਲਾਕੋਟ ਤੇ ਮੇਂਧੜ ਸੈਕਟਰਾਂ ਵਿਚ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਸ਼ਾਮ ਕਰੀਬ ਸੱਤ ਵਜੇ ਤੋਂ ਕੰਟਰੋਲ ਰੇਖਾ ’ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਅਤੇ ਗੋਲੀਬੰਦੀ ਦੀ ਉਲੰਘਣਾ ਕੀਤੀ। ਗੋਲੀਬਾਰੀ ਛੋਟੇ ਹਥਿਆਰਾਂ ਨਾਲ ਕੀਤੀ ਗਈ ਤੇ ਮੋਰਟਾਰ ਵੀ ਦਾਗ਼ੇ ਗਏ। ਇਸ ਤੋਂ ਬਾਅਦ ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਆਖ਼ਰੀ ਸੂਚਨਾ ਮਿਲਣ ਤੱਕ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਜਾਰੀ ਸੀ। ਸਰਕਾਰੀ ਸੂਤਰਾਂ ਮੁਤਾਬਕ ਪਾਕਿਸਤਾਨ ਨੇ ਉੱਤਰੀ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਦੇ ਟੰਗਧਾਰ ਸੈਕਟਰ ਵਿਚ ਦਿਨ ਵੇਲੇ ਵੀ ਗੋਲੀਬਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਵੇਰੇ ਕਰੀਬ 11 ਵਜੇ ਸ਼ੁਰੂ ਹੋ ਗਈ ਸੀ।