ਸ੍ਰੀਨਗਰ ’ਚ ਗ੍ਰਨੇਡ ਹਮਲਾ, 7 ਜ਼ਖ਼ਮੀ
ਸ੍ਰੀਨਗਰ-ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਾਜ਼ਾਰ ਵਿਚ ਸ਼ੱਕੀ ਅਤਿਵਾਦੀਆਂ ਵੱਲੋਂ ਕੀਤੇ ਗ੍ਰਨੇਡ ਹਮਲੇ ਵਿਚ ਸੱਤ ਜਣੇ ਜ਼ਖ਼ਮੀ ਹੋ ਗਏ ਹਨ। ਦਹਿਸ਼ਤਗਰਦਾਂ ਨੇ ਹਰੀ ਸਿੰਘ ਹਾਈ ਸਟਰੀਟ ਬਾਜ਼ਾਰ ਇਲਾਕੇ ਵਿਚ ਲਾਲ ਚੌਕ ਤੋਂ ਕੁਝ ਦੂਰ ਦੁਪਹਿਰ ਵੇਲੇ ਗ੍ਰਨੇਡ ਸੁੱਟਿਆ ਪਰ ਇਹ ਸੜਕ ਕੰਢੇ ਹੀ ਫਟ ਗਿਆ। ਪੁਲੀਸ ਮੁਤਾਬਕ ਫੱਟੜ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਧਮਾਕੇ ਨਾਲ ਨੇੜੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੰਜ ਅਗਸਤ ਨੂੰ ਜੰਮੂ ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਦੇ 69 ਦਿਨਾਂ ਬਾਅਦ ਅੱਜ ਰਾਜ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ 40 ਲੱਖ ਪੋਸਟ-ਪੇਡ ਮੋਬਾਈਲ ਕੁਨੈਕਸ਼ਨ ਸੋਮਵਾਰ ਤੋਂ ਚਾਲੂ ਕਰ ਦਿੱਤੇ ਜਾਣਗੇ। ਇਸ ਸਬੰਧੀ ਐਲਾਨ ਅੱਜ ਜੰਮੂ ਕਸ਼ਮੀਰ ਦੇ ਪ੍ਰਿੰਸੀਪਲ ਸਕੱਤਰ ਤੇ ਬੁਲਾਰੇ ਰੋਹਿਤ ਕਾਂਸਲ ਨੇ ਇਕ ਮੀਡੀਆ ਕਾਨਫਰੰਸ ਦੌਰਾਨ ਕੀਤਾ। ਵੀਹ ਲੱਖ ਪ੍ਰੀ-ਪੇਡ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਫ਼ਿਲਹਾਲ ਬੰਦ ਰਹਿਣਗੀਆਂ। ਕਾਂਸਲ ਨੇ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੋਸਟ-ਪੇਡ ਮੋਬਾਈਲ ੋਨ ਸੇਵਾ ਮੁੜ ਆਰੰਭਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਬਾਕੀ ਰਹਿੰਦੇ ਸਾਰੇ ਇਲਾਕਿਆਂ ਵਿਚ ਇਹ ਸੋਮਵਾਰ ਤੋਂ ਆਰੰਭ ਹੋ ਜਾਵੇਗੀ। ਸੇਵਾਵਾਂ ਸੋਮਵਾਰ ਨੂੰ ਦੁਪਹਿਰੇ 12 ਵਜੇ ਸ਼ੁਰੂ ਹੋ ਜਾਣਗੀਆਂ। ਸ੍ਰੀ ਕਾਂਸਲ ਨੇ ਕਿਹਾ ਕਿ ਫ਼ੈਸਲਾ ਕਸ਼ਮੀਰ ਦੇ ਸਾਰੇ 10 ਜ਼ਿਲ੍ਹਿਆਂ ਲਈ ਹੈ। ਰਾਜ ਸੈਲਾਨੀਆਂ ਲਈ ਵੀ ਦੋ ਦਿਨ ਪਹਿਲਾਂ ਖੋਲ੍ਹ ਦਿੱਤਾ ਗਿਆ ਹੈ ਤੇ ਹੁਣ ਮੋਬਾਈਲ ਸੇਵਾ ਸ਼ੁਰੂ ਹੋਣ ਨਾਲ ਸੈਰ-ਸਪਾਟਾ ਸਨਅਤ ਨੂੰ ਉਤਸ਼ਾਹ ਮਿਲੇਗਾ। ਸਾਰੀਆਂ ਸੰਚਾਰ ਸੇਵਾਵਾਂ ਬੰਦ ਹੋਣ ਕਾਰਨ ਆਮ ਲੋਕ ਕਾਫ਼ੀ ਪ੍ਰੇਸ਼ਾਨ ਰਹੇ ਹਨ ਤੇ ਇਸ ਕਦਮ ਨਾਲ ਰਾਹਤ ਮਿਲਣ ਦੀ ਉਮੀਦ ਹੈ। ਸਿਆਸੀ ਆਗੂਆਂ ਨੂੰ ਰਿਹਾਅ ਕੀਤੇ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸੁਰੱਖਿਆ ਸਥਿਤੀ ਦਾ ਲਗਾਤਾਰ ਜਾਇਜ਼ਾ ਲੈ ਕੇ ਰਿਹਾਅ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਪੋਸਟ-ਪੇਡ ਸੇਵਾਵਾਂ ਬਹਾਲ ਕੀਤੇ ਜਾਣ ਦੇ ਆਸਾਰ ਸਨ। ਉਨ੍ਹਾਂ ਕਿਹਾ ਕਿ ‘99 ਫ਼ੀਸਦ ਤੋਂ ਵੱਧ ਇਲਾਕੇ’ ਵਿਚ ਲੋਕਾਂ ਦੇ ਆਉਣ-ਜਾਣ ’ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਬਾਹਰੋਂ ਸ਼ਹਿ ਪ੍ਰਾਪਤ ਅਤਿਵਾਦੀਆਂ’ ਨੂੰ ਸੂਬੇ ਦੀ ਸਥਿਤੀ ਵਿਗਾੜਨ ਤੋਂ ਰੋਕਣ ਲਈ ਪਾਬੰਦੀਆਂ ਲਾਜ਼ਮੀ ਸਨ। ਸੈਲਾਨੀਆਂ ਲਈ ਕੁਝ ਖਾਸ ਥਾਵਾਂ ’ਤੇ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਯਕੀਨੀ ਤੌਰ ’ਤੇ ਸਰਹੱਦ ਪਾਰੋਂ ਪਿਛਲੇ ਦੋ ਮਹੀਨੇ ਦੌਰਾਨ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਲੋਕਾਂ ਵਿਚ ਡਰ ਪੈਦਾ ਕੀਤਾ ਜਾ ਸਕੇ। ਆਮ ਲੋਕਾਂ ’ਤੇ ਹਮਲਿਆਂ ਦੀਆਂ ਵੀ ਕੋਸ਼ਿਸ਼ਾਂ ਹੋਈਆਂ ਹਨ। ਵਾਦੀ ਵਿਚ ਬਾਜ਼ਾਰ ਤੇ ਸਰਕਾਰੀ ਟਰਾਂਸਪੋਰਟ ਫ਼ਿਲਹਾਲ ਬੰਦ ਹੈ। ਵਿਦਿਆਰਥੀ ਵੀ ਅਜੇ ਸਕੂਲ-ਕਾਲਜ ਨਹੀਂ ਜਾ ਰਹੇ।