ਸ੍ਰੀਲੰਕਾ: ਰਾਸ਼ਟਰਪਤੀ ਰਾਜਪਕਸਾ ਨੇ ਵੱਡੇ ਭਰਾ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ

ਸ੍ਰੀਲੰਕਾ: ਰਾਸ਼ਟਰਪਤੀ ਰਾਜਪਕਸਾ ਨੇ ਵੱਡੇ ਭਰਾ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ

ਛੋਟੇ ਭਰਾ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਕੁਝ ਦਿਨਾਂ ਮਗਰੋਂ ਮਹਿੰਦਾ ਰਾਜਪਕਸਾ (74) ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਇਸ ਦੇ ਨਾਲ ਵਿਵਾਦਤ ਰਾਜਪਕਸਾ ਪਰਿਵਾਰ ਨੇ ਸ੍ਰੀਲੰਕਾ ਦੇ ਸਿਆਸੀ ਦ੍ਰਿਸ਼ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਮਹਿੰਦਾ ਨੂੰ 23ਵੇਂ ਪ੍ਰਧਾਨ ਮੰਤਰੀ ਵਜੋਂ ਛੋਟੇ ਭਰਾ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨੇ ਸਹੁੰ ਚੁਕਾਈ। ਅਗਲੇ ਸਾਲ ਅਗਸਤ ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮਹਿੰਦਾ ਮੌਜੂਦਾ ਕੈਬਨਿਟ ਨਾਲ ਹੀ ਕੰਮ ਚਲਾਉਣਗੇ।
ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਰਨੀਲ ਵਿਕਰਮਾਸਿੰਘੇ, ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਅਤੇ ਹੋਰ ਸਿਆਸੀ ਹਸਤੀਆਂ ਹਾਜ਼ਰ ਸਨ। ਮਹਿੰਦਾ ਰਾਜਪਕਸਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਉਹ 2018 ’ਚ ਥੋੜ੍ਹੇ ਸਮੇਂ ਲਈ ਇਸ ਅਹੁਦੇ ’ਤੇ ਤਾਇਨਾਤ ਰਹੇ ਸਨ ਜਦੋਂ ਮੁਲਕ ’ਚ ਵੱਡਾ ਸਿਆਸੀ ਘੜਮੱਸ ਪੈਦਾ ਹੋ ਗਿਆ ਸੀ। ਇਸ ਤੋਂ ਪਹਿਲਾਂ ਦਿਨ ਵੇਲੇ ਵਿਕਰਮਾਸਿੰਘੇ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਗੋਟਬਾਯਾ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਨਵੇਂ ਪ੍ਰਧਾਨ ਮੰਤਰੀ ਲਈ ਆਪਣੀ ਸਰਕਾਰੀ ਰਿਹਾਇਸ਼ ‘ਟੈਂਪਲ ਟ੍ਰੀਜ਼’ ਨੂੰ ਵੀ ਖਾਲੀ ਕਰ ਦਿੱਤਾ। ਯੂਨਾਈਟਿਡ ਨੈਸ਼ਨਲ ਪਾਰਟੀ ਦੀ ਰਾਸ਼ਟਰਪਤੀ ਚੋਣਾਂ ’ਚ ਨਮੋਸ਼ੀ ਭਰੀ ਹਾਰ ਮਗਰੋਂ ਵਿਕਰਮਾਸਿੰਘੇ ਨੇ ਬੁੱਧਵਾਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। 

Radio Mirchi