ਸੰਕਟਾਂ ਲਈ ਮੋਦੀ ਸਰਕਾਰ ਜ਼ਿੰਮੇਵਾਰ: ਸੋਨੀਆ

ਸੰਕਟਾਂ ਲਈ ਮੋਦੀ ਸਰਕਾਰ ਜ਼ਿੰਮੇਵਾਰ: ਸੋਨੀਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਆਰਥਿਕ ਮੰਦੀ, ਕਰੋਨਾ ਮਹਾਮਾਰੀ ਤੇ ਚੀਨ ਨਾਲ ਲਗਦੀ ਸਰਹੱਦ ’ਤੇ ਜਾਰੀ ਤਣਾਅ ਨਾਲ ਜੁੜੇ ਸੰਕਟਾਂ ਲਈ ਮੋਦੀ ਸਰਕਾਰ ਦਾ ‘ਕੁਪ੍ਰਬੰਧ’ ਤੇ ‘ਮਾੜੀਆਂ ਨੀਤੀਆਂ’ ਜ਼ਿੰਮੇਵਾਰ ਹਨ। ਉਨ੍ਹਾਂ ਪਾਰਟੀ ਦੀ ਸਰਵਉੱਚ ਨੀਤੀ ਘੜਨ ਵਾਲੀ ਇਕਾਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਤੇਲ ਕੀਮਤਾਂ ਵਿੱਚ ਉਛਾਲ ਲਈ ਵੀ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ। ਉਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ’ਤੇ ਦਰਪੇਸ਼ ਸੰਕਟ ਦਾ ਮਜ਼ਬੂਤੀ ਨਾਲ ਟਾਕਰਾ ਨਾ ਕੀਤਾ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਸ੍ਰੀਮਤੀ ਗਾਂਧੀ ਨੇ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਿਘਾਰ ਦੇ ਬਾਵਜੂਦ ਮੋਦੀ ਸਰਕਾਰ ‘ਬੇਤਰਸ’ ਹੋ ਕੇ ਪਿਛਲੇ 17 ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ’ਚ ਵਾਧਾ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ‘ਕੁਪ੍ਰਬੰਧ’ ਨੂੰ ਨਰਿੰਦਰ ਮੋਦੀ ਸਰਕਾਰ ਦੀ ‘ਸਭ ਤੋਂ ਵੱਡੀਆਂ ਨਾਕਾਮੀਆਂ’ ਵਜੋਂ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਮਾੜੀ ਕਿਸਮਤ ਨੂੰ ਸੰਕਟ ਵੀ ਇਕ ਨਹੀਂ ਹੈ। ਭਾਰਤ ਨੂੰ ਪਹਿਲਾਂ ਆਰਥਿਕ ਸੰਕਟ ਦੀ ਮਾਰ ਪਈ, ਫਿਰ ਕਰੋਨਾ ਮਹਾਮਾਰੀ ਨੇ ਘੇਰ ਲਿਆ ਤੇ ਹੁਣ ਚੀਨ ਨਾਲ ਲੱਗਦੀ ਸਰਹੱਦ ’ਤੇ ਸੰਕਟ। ਇਨ੍ਹਾਂ ਸੰਕਟਾਂ ਲਈ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦਾ ਕੁਪ੍ਰਬੰਧ ਤੇ ਗ਼ਲਤ ਨੀਤੀਆਂ ਜ਼ਿੰਮੇਵਾਰ ਹਨ।’ ਅਸਲ ਕੰਟਰੋਲ ਰੇਖਾ ’ਤੇ ਦਰਪੇਸ਼ ਸੰਕਟ ਦੀ ਗੱਲ ਕਰਦਿਆਂ ਗਾਂਧੀ ਨੇ ਕਿਹਾ, ‘ਭਵਿੱਖ ਦੀ ਕੁੱਖ ’ਚ ਕੀ ਹੈ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ, ਪਰ ਅਸੀਂ ਆਸ ਕਰਦੇ ਹਾਂ ਕਿ ਪਰਿਪੱਕ ਕੂਟਨੀਤੀ ਤੇ ਫੈਸਲਾਕੁਨ ਅਗਵਾਈ ਸਾਡੀ ਖੇਤਰੀ ਪ੍ਰਭੂਸੱਤਾ ਦੀ ਰਾਖੀ ਬਾਰੇ ਸਰਕਾਰ ਦੀ ਕਾਰਵਾਈ ਨਿਰਧਾਰਿਤ ਕਰੇਗੀ।’ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਹਥਿਆਰਬੰਦ ਬਲਾਂ ਤੇ ਸਰਕਾਰ ਨੂੰ ਹਮਾਇਤ ਦਿੱਤੀ ਸੀ, ਪਰ ‘ਲੋਕਾਂ ਵਿੱਚ ਹੁਣ ਇਹ ਧਾਰਨਾ ਘਰ ਕਰਨ ਲੱਗੀ ਹੈ ਕਿ ਸਰਕਾਰ ਹਾਲਾਤ/ਮੌਕੇ ਨੂੰ ਸਾਂਭਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।’ ਉਨ੍ਹਾਂ ਕਿਹਾ, ‘ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਅਸਲ ਕੰਟਰੋਲ ਰੇਖਾ ’ਤੇ ਅਮਨ, ਸ਼ਾਂਤੀ ਤੇ ਪਹਿਲਾਂ ਵਾਲੀ ਸਥਿਤੀ ਦੀ ਬਹਾਲੀ ਹੀ ਸੇਧਿਤ ਸਿਧਾਂਤ ਹਨ, ਜੋ ਦੇਸ਼ ਹਿੱਤ ਵਿੱਚ ਹਨ। ਅਸੀਂ ਲਗਾਤਾਰ ਹਾਲਾਤ ਨੂੰ ਨੇੜਿਓਂ ਹੋ ਕੇ ਵਾਚਦੇ ਰਹਾਂਗੇ।’ ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਿਹਤ ਢਾਂਚੇ ਵਿਚਲੀਆਂ ਵੱਡੀਆਂ ਖਾਮੀਆਂ ਦਾ ਪਾਜ ਉਧੇੜ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਨੇ ਅੱਗੋਂ ਸਾਰੀ ਜ਼ਿੰਮੇਵਾਰੀ ਰਾਜ ਸਰਕਾਰਾਂ ਸਿਰ ਪਾ ਦਿੱਤੀ ਹੈ, ਪਰ ਉਨ੍ਹਾਂ ਦੀ ਜੇਬ੍ਹ ’ਚ ਇਕ ਵੀ ਵਾਧੂ ਧੇਲਾ ਨਹੀਂ ਪਾਇਆ। ਅਸਲ ਵਿੱਚ ਲੋਕਾਂ ਨੂੰ ਆਪਣਾ ਬਚਾਅ ਆਪ ਕਰਨ ਲਈ ਆਖ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਚੰਗੀ ਸਲਾਹ ਸੁਣਨ ਤੋਂ ਉੱਕਾ ਹੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵੱਡਾ ਵਿੱਤੀ ਰਾਹਤ ਪੈਕੇਜ ਐਲਾਨ ਕੇ ਗਰੀਬ ਗੁਰਬੇ ਦੇ ਹੱਥ ਸਿੱਧਾ ਪੈਸਾ ਫੜਾਇਆ ਜਾਵੇ ਤੇ ਐੱਮਐੱਸਐੱਮਈਜ਼ ਨੂੰ ਬਚਾਉਣ ਲਈ ਕਦਮ ਪੁੱਟੇ ਜਾਣ।

Radio Mirchi