ਸੰਗਤ ਵੱਲੋਂ ਗੁਰਦੁਆਰੇ ਦੀ ਉਸਾਰੀ ਰੋਕਣ ਦੀ ਅਪੀਲ

ਸੰਗਤ ਵੱਲੋਂ ਗੁਰਦੁਆਰੇ ਦੀ ਉਸਾਰੀ ਰੋਕਣ ਦੀ ਅਪੀਲ

ਪਿੰਡ ਕਸੇਲ ਦੀ ਸਿੱਖ ਸੰਗਤ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ’ਤੇ ਇੱਕ ਪੱਤਰ ਸੌਂਪ ਕੇ ਪਿੰਡ ਵਿਚ ਗੁਰੂ ਨਾਨਕ ਦੇਵ ਦੇ ਇਤਿਹਾਸ ਨਾਲ ਜੋੜ ਕੇ ਬਣਾਏ ਜਾ ਰਹੇ ਗੁਰਦੁਆਰੇ ਦੀ ਉਸਾਰੀ ਨੂੰ ਰੋਕਣ ਦੀ ਅਪੀਲ ਕੀਤੀ ਹੈ।
ਪਿੰਡ ਦੀ ਸਿੱਖ ਸੰਗਤ ਵਿੱਚ ਸ਼ਾਮਲ ਹਰਵਿੰਦਰ ਸਿੰਘ, ਕੰਵਲਜੀਤ ਸਿੰਘ, ਬਾਬਾ ਲਾਲ ਸਿੰਘ, ਬਲਵੰਤ ਸਿੰਘ, ਕਾਰਜ ਸਿੰਘ, ਜੋਧ ਸਿੰਘ, ਗੁਰਦਿਆਲ ਸਿੰਘ, ਯੋਗਰਾਜ ਸਿੰਘ, ਗੁਰਦੇਵ ਸਿੰਘ ਆਦਿ ਨੇ ਆਖਿਆ ਕਿ ਪਿੰਡ ਕਸੇਲ ਦੇ ਨੇੜੇ ਕੁਝ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਇੱਕ ਗੁਰਦੁਆਰਾ ਬਣਾਇਆ ਜਾ ਰਿਹਾ ਹੈ। ਇਸ ਦੀ ਉਸਾਰੀ ਲਈ 16 ਜੁਲਾਈ ਨੂੰ ਟੱਕ ਲਾਇਆ ਗਿਆ ਸੀ। ਇਸ ਸਬੰਧੀ ਇੱਕ ਬੋਰਡ ਵੀ ਪਿੰਡ ਢੰਡ ਤੋਂ ਸਰਾਏ ਅਮਾਨਤ ਖਾਂ ਨੂੰ ਜਾਂਦੀ ਸੜਕ ’ਤੇ ਲਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਬੋਰਡ ਉਪਰ ਲਿਖਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਸੰਗਤ ਨਾਲ ਭਜਨ ਬੰਦਗੀ ਕੀਤੀ ਸੀ। ਇੱਥੇ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਮਨੋਕਾਮਨਾ ਪੂਰੀ ਹੋਵੇਗੀ। ਪਿੰਡ ਦੀ ਸੰਗਤ ਨੇ ਦੋਸ਼ ਲਾਇਆ ਕਿ ਸਿੱਖ ਇਤਿਹਾਸ ਵਿੱਚ ਅਜਿਹਾ ਕਿਧਰੇ ਵੀ ਦਰਜ ਨਹੀਂ ਹੈ ਕਿ ਗੁਰੂ ਨਾਨਕ ਦੇਵ ਜੀ ਪਿੰਡ ਕਸੇਲ ਆਏ ਸਨ ਅਤੇ ਉਨ੍ਹਾਂ ਇੱਥੇ ਭਜਨ ਬੰਦਗੀ ਕੀਤੀ ਸੀ। ਉਨ੍ਹਾਂ ਇਸ ਇਮਾਰਤ ਦੀ ਉਸਾਰੀ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਾਈ ਜਾਵੇ ਅਤੇ ਗਲਤ ਇਤਿਹਾਸ ਦੱਸਣ ਵਾਲਿਆਂ ਖਿਲਾਫ਼ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

Radio Mirchi