ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਸ਼ੁਰੂ ਹੋਵੇਗੀ ਸ਼ਕਾਲਰਸ਼ਿਪ : ਜੱਸੀ ਸਿੰਘ

ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਸ਼ੁਰੂ ਹੋਵੇਗੀ ਸ਼ਕਾਲਰਸ਼ਿਪ : ਜੱਸੀ ਸਿੰਘ

ਮੈਰੀਲੈਂਡ, — ਸਿੱਖਸ ਆਫ ਅਮਰੀਕਾ ਅਤੇ ਸਿੱਖ ਐਸੋਸੀਏਸ਼ਨ ਬਾਲਟੀਮੋਰ ਦੇ ਸਾਂਝੇ ਉਪਰਾਲੇ ਨਾਲ ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਦੀ ਅੰਤਿਮ ਅਰਦਾਸ ਮੈਰੀਲੈਂਡ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ। ਇੱਥੇ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਤੇ ਐਤਵਾਰ ਨੂੰ ਭੋਗ ਪਾਏ ਗਏ। ਇਸ ਅੰਤਿਮ ਅਰਦਾਸ ਵਿੱਚ ਸੰਗਤਾਂ ਵਲੋਂ ਦੂਰ-ਦੁਰਾਡੇ ਤੋਂ ਪਹੁੰਚ ਕੇ ਹਾਜ਼ਰੀਆਂ ਲਗਵਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਵੈਰਾਗਮਈ ਕੀਰਤਨ ਉਪਰੰਤ ਮੁੱਖ ਸਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਥਾਨਕ ਪੁਲਸ ਦੇ ਨੁਮਾਇੰਦੇ ਕੈਪਟਨ ਅੋਰਲੈਡੋ ਲਿਲੀ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਇੱਕ ਜਿੰਦਾਦਿਲ ਇਨਸਾਨ ਰਹੇ ਹਨ। ਉਨ੍ਹਾਂ ਦੀ ਬਹਾਦਰੀ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਉਨ੍ਹਾਂ ਵਲੋਂ ਦਰਸਾਏ ਮਾਰਗ ਨੂੰ ਅਸੀਂ ਸਦਾ ਅੱਗੇ ਤੋਰਾਂਗੇ। ਪੁਲਸ ਮਹਿਕਮੇ ਨੂੰ ਧਾਲੀਵਾਲ 'ਤੇ ਫਖਰ ਹੈ।
ਜਸਦੀਪ ਸਿੰਘ ਜੱਸੀ ਚੇਅਰਮੈਨ 'ਸਿੱਖਸ ਆਫ ਅਮਰੀਕਾ' ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਸਿੱਖ ਕੌਮ ਤੇ ਐਸੀ ਛਾਪ ਛੱਡ ਗਏ ਹਨ, ਜਿਸ ਦਾ ਸਾਨੀ ਕੋਈ ਨਹੀਂ ਬਣ ਸਕਦਾ। ਉੁਨ੍ਹਾਂ ਨੇ ਸਿੱਖੀ ਪਹਿਚਾਣ ਨੂੰ ਪੂਰੇ ਸੰਸਾਰ ਵਿੱਚ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਹਮੇਸ਼ਾ ਪੁਲਸ ਮਹਿਕਮੇ ਅਤੇ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੱਤੀ। ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੁਰਚਰਨ ਸਿੰਘ ਨੇ ਗੁਰਬਾਣੀ ਦੇ ਅਧਾਰ 'ਤੇ ਕਿਹਾ ਕਿ ਮੌਤ ਇੱਕ ਅਟੱਲ ਸੱਚਾਈ ਹੈ ਪਰ ਜੋ ਜਿਊਂਦਿਆਂ ਸਮੇਂ ਵਿੱਚ ਧਾਲੀਵਾਲ ਕਰ ਗਏ ਹਨ, ਉਹ ਸਾਡੇ ਲਈ ਪ੍ਰੇਰਨਾ ਦਾ ਸੋਮਾ ਹੈ। ਜਿਸ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ। ਆਇਸ਼ਾ ਖਾਂ ਡੈਮੋਕਰੇਟਰ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਇਨਸਾਨੀਅਤ ਨੂੰ ਪੈਗਾਮ ਦੇ ਗਏ ਹਨ।
ਕੰਵਲਜੀਤ ਸਿੰਘ ਸੋਨੀ ਪ੍ਰਧਾਨ 'ਸਿੱਖਸ ਆਫ ਅਮਰੀਕਾ' ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਅੱਜ ਵੀ ਸਾਡੇ ਵਿੱਚ ਹਨ।  ਉਨ੍ਹਾਂ ਸਿੱਖੀ ਪਹਿਚਾਣ ਨੂੰ ਪ੍ਰਫੁੱਲਤ ਕਰਕੇ ਅਜਿਹੀ ਮਿਸਾਲ ਦਿੱਤੀ ਹੈ ਜੋ ਸਿੱਖਾਂ ਵਿੱਚ ਹਮੇਸ਼ਾ ਇੱਕ ਯਾਦ ਵਜੋਂ ਉੱਭਰਦੀ ਰਹੇਗੀ।
 ਸਟੇਜ ਦੀ ਸੇਵਾ ਡਾ. ਸੁਰਿੰਦਰ ਸਿੰਘ ਗਿੱਲ ਨੇ ਬਾਖੂਬ ਨਿਭਾਈ। ਉਨ੍ਹਾਂ ਕਿਹਾ ਕਿ ਖਾਲਸਾ ਪੰਜਾਬੀ ਸਕੂਲ ਵਿੱਚ ਉਨ੍ਹਾਂ ਦੇ ਨਾਮ ਤੇ ਸਕਾਲਰਸ਼ਿਪ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਯਾਦ ਸਾਡੇ ਵਿੱਚ ਹਮੇਸ਼ਾ ਚਾਨਣ ਦੇ ਰੂਪ ਵਿੱਚ ਚਮਕਦੀ ਰਹੇ। ਮੈਰੀਲੈਂਡ ਸਟੇਟ ਦੇ ਗਵਰਨਰ ਵਲੋਂ ਮੈਕਲਵ ਡਾਇਰੈਕਟਰ ਰਾਹੀਂ ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਦੇ ਨਾਮ 'ਤੇ ਸਾਈਟੇਸ਼ਨ ਭੇਜਿਆ। ਜਿਸ ਵਿੱਚ ਉਸ ਦੀ ਬਹਾਦਰੀ, ਸਾਹਸੀ ਵਤੀਰੇ ਅਤੇ ਸੇਵਾ ਭਾਵਨਾ ਦਾ ਜ਼ਿਕਰ ਕੀਤਾ ਹੋਇਆ ਸੀ। ਮੈਕਲਵ ਨੇ ਪੜ੍ਹਨ ਉਪਰੰਤ ਉਹ ਸਾਈਟੇਸ਼ਨ ਡਾ. ਗਿੱਲ ਨੂੰ ਸੌਪਿਆਂ ਤਾਂ ਜੋ ਉਹ ਧਾਲੀਵਾਲ ਪਰਿਵਾਰ ਤੱਕ ਪਹੁੰਚਦਾ ਕਰਨ।
ਇਸ ਮੌਕੇ ਆਈਆਂ ਮੁੱਖ ਸਖਸ਼ੀਅਤਾਂ ਦਾ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ ਪ੍ਰਧਾਨ, ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਅਤੇ ਹੈੱਡ ਗ੍ਰੰਥੀ ਸੁਰਜੀਤ ਸਿੰਘ ਵਲੋਂ ਮੈਕਲਵ ਡਾਇਰੈਕਟਰ , ਆਰਲੈਡੋ. ਡੀ.ਲਿਲੀ ਪੁਲਿਸ ਕੈਪਟਨ, ਆਇਸ਼ਾ ਖਾਨ, ਕੰਵਲਜੀਤ ਸਿੰਘ ਸੋਨੀ ਅਤੇ ਗੁਰਚਰਨ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਲੰਗਰ ਦਾ ਪ੍ਰਵਾਹ ਚੱਲਦਾ ਰਿਹਾ। ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਰਹੇਜਾ ਵਰਜੀਨੀਆ ਗੁਰੂਘਰ ਤੋਂ, ਮਨਨਿੰਦਰ ਸਿੰਘ ਸੇਠੀ ,ਇੰਦਰਜੀਤ ਸਿੰਘ ਗੁਜਰਾਲ, ਸਰਬਜੀਤ ਸਿੰਘ ਬਖਸ਼ੀ, ਜੀ. ਐੱਨ. ਐੱਫ. ਏ. ਗੁਰਦੁਆਰਾ, ਬਾਬਾ ਗੁਰਚਰਨ ਸਿੰਘ, ਹਰਬੰਸ ਸਿੰਘ, ਬੀਬੀ ਕ੍ਰਿਪਾਲ ਕੌਰ, ਹਰਦੇਵ ਸਿੰਘ, ਕੇ. ਕੇ. ਸਿੱਧੂ, ਬਿੰਦਰ ਸਿੰਘ, ਗੁਰਪ੍ਰੀਤ ਸਿੰਘ ਸੰਨੀ ਅਤੇ ਤੇਜਿੰਦਰ ਸਿੰਘ ਪ੍ਰੈਸ ਨੁਮਾਇੰਦੇ ਵਾਈਟ ਹਾਊਸ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਹ ਭਾਵਭਿੰਨਾ ਸਮਾਗਮ ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਦੀ ਯਾਦ ਨੂੰ ਹਰੇਕ ਦੇ ਮਨ ਵਿੱਚ ਵੱਖਰੀ ਛਾਪ ਛੱਡ ਗਿਆ। ਜੋ ਕੌਮ ਦੇ ਹੀਰੇ ਵਜੋਂ ਉੱਭਰਿਆ ਤੇ ਬਹਾਦਰ ਇਨਸਾਨ ਦੀ ਖਿਤਾਬੀ ਸਖਸ਼ੀਅਤ ਦਾ ਪ੍ਰਤੀਕ ਬਣਿਆ ਹੈ। ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਹਿਊਸਟਨ ਵਲੋਂ ਹਰ ਸਾਲ ਉਸ ਦੀ ਯਾਦ ਨੂੰ ਇੱਕ ਸ਼ਹੀਦ ਵਜੋਂ ਦੋ ਅਕਤੂਬਰ ਨੂੰ ਮਨਾਇਆ ਜਾਵੇਗਾ। ਇਹ ਫਖਰੇ ਕੌਮ ਸ਼ਹੀਦ ਵਜੋਂ ਸਨਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਹਮੇਸ਼ਾ ਜਾਣਿਆ ਜਾਵੇਗਾ। ਜਿਸ 'ਤੇ ਸਿੱਖਾਂ ਨੂੰ ਹੀ ਨਹੀਂ ਸਗੋਂ ਬਾਕੀ ਭਾਈਚਾਰਿਆਂ ਨੂੰ ਵੀ ਨਾਜ਼ ਹੈ, ਜੋ ਸਦਾ ਸਾਡਾ ਕੌਮੀ ਹੀਰੋ ਰਹੇਗਾ।

Radio Mirchi