ਸੰਨੀ ਦਿਓਲ ਦੀ ਟਿੱਪਣੀ ਦਾ ਕਾਂਗਰਸੀਆਂ ਨੂੰ ਲੱਗਿਆ ਸੇਕ
ਬਾਲੀਵੁੱਡ ਸਟਾਰ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਸੰਨੀ ਦਿਓਲ ਨੇ ਕਿਹਾ ਹੈ ਕਿ ਉਹ ਵਿਵਾਦਗ੍ਰਸਤ ਟਿੱਪਣੀਆਂ ਕਰਨ ਵਿੱਚ ਯਕੀਨ ਨਹੀਂ ਰੱਖਦਾ ਪਰ ਹਰ ਕੋਈ ਜਾਣਦਾ ਹੈ ਕਿ ਜਦੋਂ ਕਿਸੇ ਨੂੰ ‘ਕੁੱਟਣਾ ਹੋਵੇ’ ਤਾਂ ਮੇਰੇ ਤੋਂ ਵਧੀਆ ਇਹ ਕੰਮ ਕੋਈ ਹੋਰ ਨਹੀਂ ਕਰ ਸਕਦਾ। ਇਹ ਪ੍ਰਗਟਾਵਾ ਸੰਨੀ ਦਿਓਲ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ਹੈ।
ਫਿਲਮੀ ਅਭਿਨੇਤਾ ਤੋਂ ਨੇਤਾ ਬਣੇ ਦਿਓਲ ਦੀ ਟਿੱਪਣੀ ਉੱਤੇ ਕਾਂਗਰਸ ਨੇ ਸਖਤ ਰੋਸ ਪ੍ਰਗਟ ਕੀਤਾ ਹੈ। ਦਿਓਲ ਨੇ ਕਿਹਾ ਸੀ,‘ ਮੈਨੂੰ ਸਰਕਾਰੀ ਮੁਲਾਜ਼ਮਾਂ ਤੋਂ ਪਤਾ ਲੱਗਾ ਹੈ ਕਿ ਨਿਰਾਸ਼ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਗਲਤ ਵਿਅਕਤੀ ਦੀ ਚੋਣ ਕੀਤੀ ਹੈ। ਮੈਂ ਅਜਿਹੇ ਛੋਟੇ ਮਸਲਿਆਂ ਵਿੱਚ ਉਲਝਣ ਵਾਲਾ ਨਹੀਂ ਹਾਂ। ਮੈਂ ਵਿਵਾਦਗ੍ਰਸਤ ਟਿੱਪਣੀਆਂ ਨਹੀਂ ਕਰਦਾ ਪਰ ਹਰ ਕੋਈ ਜਾਣਦਾ ਹੈ ਕਿ ਜਦੋਂ ਕਿਸੇ ਨੂੰ ਕੁੱਟਣ ਦੀ ਗੱਲ ਆਵੇ ਤਾਂ ਮੇਰੇ ਤੋਂ ਵਧੀਆ ਹੋਰ ਕੋਈ ਵੀ ਇਹ ਕੰਮ ਨਹੀਂ ਕਰ ਸਕਦਾ। ਦਿਓਲ ਦੀ ਇਸ ਟਿੱਪਣੀ ਬਾਰੇ ਭੋਆ ਤੋਂ ਕਾਂਗਰਸ ਵਿਧਾਇਕ ਜੋੋਗਿੰਦਰ ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਪਾਰਟੀ ਦੀ ਗਲਤੀ ਹੈ ਕਿ ਇਥੋਂ ਨੇਤਾ ਬਣਾਉਣ ਲਈ ਅਭਿਨੇਤਾ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦਾ ਕੋਈ ਕਸੂਰ ਨਹੀਂ ਹੈ ਅਤੇ ਉਸ ਨੂੰ ਰਾਜਨੀਤੀ ਦੀ ਸਮਝ ਨਹੀਂ ਹੈ। ਉਹ ਅੱਜ ਵੀ ਡਾਂਸ ਕਰ ਰਿਹਾ ਹੈ ਜਿਹੋ ਜਿਹਾ ਉਹ ਪਹਿਲਾਂ ਫਿਲਮਾਂ ਵਿੱਚ ਕਰਦਾ ਸੀ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਨੇ ਸ਼ਨਿੱਚਰਵਾਰ ਤੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਲਕੇ ਦਾ ਤਿੰਨ ਰੋਜ਼ਾ ਦੌਰਾ ਸ਼ੁਰੂ ਕੀਤਾ ਹੈ। ਇਹ ਜ਼ਿਕਰਯੋਗ ਹੈ ਕਿ ਦਿਓਲ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 82, 459 ਵੋਟਾਂ ਦੇ ਨਾਲ ਹਰਾਇਆ ਸੀ।