ਸੰਸਦ ਮੈਂਬਰ ਔਜਲਾ ਨੇ ਛੇੜਿਆ ਨਵਾਂ ਵਿਵਾਦ
ਅੰਮ੍ਰਿਤਸਰ-ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਦੀ ਆਮਦ ਮੌਕੇ ਅੱਜ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ‘ਕੇਂਦਰੀ ਯੂਨੀਵਰਸਿਟੀ’ ਦਾ ਦਰਜਾ ਦੇਣ ਦੀ ਮੰਗ ਰੱਖ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਤੋਂ ਪਹਿਲਾਂ ਸੂਬਾਈ ਵਿਦਿਅਕ ਅਦਾਰਿਆਂ ਨੂੰ ਕੇਂਦਰੀ ਹੱਥਾਂ ਵਿਚ ਸੌਂਪਣ ਦਾ ਵਿਰੋਧ ਹੋ ਚੁੱਕਾ ਹੈ।
ਕੇਂਦਰੀ ਮੰਤਰੀ ਅੱਜ ਇਥੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐੱਮ) ਦੇ ਕੈਂਪਸ ਦੀ ਉਸਾਰੀ ਲਈ ਭੂਮੀ ਪੂਜਨ ਅਤੇ ਉਸਾਰੀ ਦਾ ਕੰਮ ਸ਼ੁਰੂ ਕਰਾਉਣ ਲਈ ਆਏ ਹੋਏ ਸਨ। ਮਾਨਾਂਵਾਲਾ ਨੇੜੇ ਆਈਆਈਐੱਮ ਕੈਂਪਸ ਦੀ ਉਸਾਰੀ ਸਬੰਧੀ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਔਜਲਾ ਨੇ ਕਿਹਾ,‘‘ਗੁਰੂ ਨਾਨਕ ਦੇਵ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਗਈ ਸੀ ਅਤੇ ਹੁਣ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਪੰਜਾਬੀਆਂ ਨੂੰ ਤੋਹਫਾ ਦਿੰਦੇ ਹੋਏ ਇਸ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇਵੇ। ਇਹ ਰਾਜ ਦੀ ਤਰੱਕੀ ਲਈ ਲਾਹੇਵੰਦ ਸਾਬਿਤ ਹੋਵੇਗੀ।’’ ਉਨ੍ਹਾਂ ਬਿਨਾਂ ਕਿਸੇ ਦਾ ਜ਼ਿਕਰ ਕੀਤੇ ਆਖਿਆ ਕਿ ਪਹਿਲਾਂ ਵੀ ਅੰਮ੍ਰਿਤਸਰ ਵਾਸਤੇ ਸੈਂਟਰਲ ਯੂਨੀਵਰਸਿਟੀ ਦਾ ਐਲਾਨ ਹੋਇਆ ਸੀ ਪਰ ਉਹ ਕਿਸੇ ਕਾਰਨ ਇੱਥੇ ਨਹੀਂ ਬਣ ਸਕੀ। ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਪੰਜਾਬ ਯੂਨੀਵਰਸਿਟੀ ਨੂੰ ਵੀ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮੰਗ ਉਠੀ ਸੀ, ਜਿਸ ਦਾ ਸਰਕਾਰ ਅਤੇ ਅਮਲੇ ਵਲੋਂ ਵੀ ਸਮਰਥਨ ਕੀਤਾ ਗਿਆ ਸੀ ਪਰ ਸੂਬੇ ਦੇ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਸ੍ਰੀ ਔਜਲਾ ਦੀ ਇਸ ਮੰਗ ਪਿੱਛੇ ਸੂਬਾ ਸਰਕਾਰ ਦਾ ਸਮਰਥਨ ਹਾਸਲ ਹੈ ਜਾਂ ਨਹੀਂ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।