ਸੰਸਦ ਵਿੱਚ ਗੂੰਜੇ ‘ਬੋਲੀ ਅਤੇ ਗੋਲੀ’ ਦੇ ਮੁੱਦੇ
ਦਿੱਲੀ ਵਿਧਾਨ ਸਭਾ ਚੋਣਾਂ ਹੁਣ ਜਦੋਂ ਕੁਝ ਦਿਨ ਦੂਰ ਹਨ ਤਾਂ ਭਾਜਪਾ ਆਗੂਆਂ ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਵੱਲੋਂ ਪ੍ਰਚਾਰ ਦੌਰਾਨ ਦਿੱਤੇ ਗਏ ਵਿਵਾਦਤ ਬਿਆਨ ਤੇ ਸ਼ਾਹੀਨ ਬਾਗ਼ ’ਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੇ ਮੁੱਦੇ ਅੱਜ ਸੰਸਦ ਦੇ ਦੋਵੇਂ ਸਦਨਾਂ ’ਚ ਛਾਏ ਰਹੇ। ਲੋਕ ਸਭਾ ’ਚ ਵਿਰੋਧੀ ਧਿਰ ਖਾਸ ਕਰ ਕੇ ਕਾਂਗਰਸ ਅਤੇ ਡੀਐੱਮਕੇ ਦੇ ਮੈਂਬਰਾਂ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਧਰ ਰਾਜ ਸਭਾ ’ਚ ਵਿਰੋਧੀ ਧਿਰ ਵੱਲੋਂ ਸੀਏਏ ਅਤੇ ਐੱਨਪੀਆਰ ’ਤੇ ਬਹਿਸ ਦੀ ਮੰਗ ਕੀਤੇ ਜਾਣ ਕਾਰਨ ਸਦਨ ’ਚ ਹੰਗਾਮਾ ਹੁੰਦਾ ਰਿਹਾ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਲੋਕਾਂ ਦੀ ‘ਬੋਲੀ’ (ਆਵਾਜ਼) ਨੂੰ ‘ਗੋਲੀ’ ਨਾਲ ਖਾਮੋਸ਼ ਨਹੀਂ ਕਰਵਾ ਸਕਦੀ ਹੈ। ਸਪੀਕਰ ਓਮ ਬਿਰਲਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਸ਼ਨਕਾਲ ਦੌਰਾਨ ਸਪੀਕਰ ਦੇ ਆਸਣ ਮੂਹਰੇ ਆ ਕੇ ਰੋਸ ਜਤਾ ਰਹੇ ਮੈਂਬਰਾਂ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਸੀਏਏ, ਐੱਨਪੀਆਰ ਅਤੇ ਹੋਰ ਮੁੱਦੇ ਉਠਾ ਸਕਦੇ ਹਨ। ਵਿਰੋਧੀ ਧਿਰ ਦੇ ਮੈਂਬਰ ਹੱਥਾਂ ’ਚ ਪੋਸਟਰ ਲੈ ਕੇ ਸੀਏਏ, ਐੱਨਪੀਆਰ ਅਤੇ ਐੱਨਆਰਸੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਸਪੀਕਰ ਨੇ ਪ੍ਰਸ਼ਨਕਾਲ ਤੋਂ 10 ਮਿੰਟ ਬਾਅਦ ਸਦਨ ਦੀ ਕਾਰਵਾਈ ਦੁਪਹਿਰ ਦੇ ਭੋਜਨ ਲਈ ਮੁਲਤਵੀ ਕਰ ਦਿੱਤੀ।
ਆਈਯੂਐੱਮਐੱਲ ਦੇ ਪੀ ਕੇ ਕੁਨਹਾਲੀਕੁੱਟੀ ਨੇ ਕਿਹਾ ਕਿ ਦਿੱਲੀ ਦੀਆਂ ਚੋਣ ਰੈਲੀਆਂ ’ਚ ‘ਆਪ’ ਅਤੇ ਕਾਂਗਰਸ ਵਿਕਾਸ ਬਾਰੇ ਗੱਲ ਕਰ ਰਹੇ ਹਨ ਪਰ ਭਾਜਪਾ ਇਸ ਨੂੰ ‘ਫਿਰਕੂ’ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਉਸ ਦਾ ਕੋਈ ਵੀ ਸੀਨੀਅਰ ਆਗੂ ਅਜਿਹੇ ਬਿਆਨਾਂ ਦੀ ਨਿਖੇਧੀ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਵੇਂ ਭਾਰਤ ਦੀ ਗੱਲ ਕਰਦੇ ਹਨ ਪਰ ਇਸ ’ਚ ਨਫ਼ਰਤ, ਅਰਾਜਕਤਾ ਅਤੇ ਬੇਰੁਜ਼ਗਾਰੀ ਫੈਲੀ ਹੋਈ ਹੈ। ਸ਼ਿਵ ਸੈਨਾ ਦੇ ਵਿਨਾਇਕ ਰਾਊਤ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਹਿੰਦੂਵਾਦੀ ਆਗੂ ਵਿਨਾਇਕ ਦਾਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ। ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਐੱਨਪੀਆਰ, ਐੱਨਆਰਸੀ ਅਤੇ ਸੀਏਏ ਨੂੰ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ। ਡੀਐੱਮਕੇ ਦੇ ਟੀ ਆਰ ਬਾਲੂ ਨੇ ਕਿਹਾ ਕਿ ਕੀ ਰਾਸ਼ਟਰਪਤੀ ਨੇ ਭਾਸ਼ਣ ਪੜ੍ਹਨ ਤੋਂ ਪਹਿਲਾਂ ਇਸ ਨੂੰ ਦੇਖਿਆ ਸੀ। ਸੀਏਏ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਵਿਤਕਰਾ ਕਰਨਾ ਚਾਹੁੰਦੀ ਹੈ। ਉਨ੍ਹਾਂ ਬਜਟ ਨੂੰ ਵੀ ਕਿਸਾਨ ਅਤੇ ਲੋਕ ਵਿਰੋਧੀ ਕਰਾਰ ਦਿੱਤਾ।
ਉਧਰ ਰਾਜ ਸਭਾ ’ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸੀਏਏ ਅਤੇ ਐੱਨਪੀਆਰ ’ਤੇ ਬਹਿਸ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਵੇਰੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਸੀਏਏ, ਐੱਨਪੀਆਰ ਅਤੇ ਐੱਨਆਰਸੀ ’ਤੇ ਤੁਰੰਤ ਬਹਿਸ ਦੀ ਮੰਗ ਕਰਨ ਲੱਗ ਪਏ। ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਈ ਮੈਂਬਰਾਂ ਵੱਲੋਂ ਦਿੱਤੇ ਗਏ ਨੋਟਿਸਾਂ ਨੂੰ ਨਕਾਰ ਦਿੱਤਾ। ਇਸ ’ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇ ਪੱਖੀ ਅਤੇ ਬਸਪਾ ਦੇ ਆਗੂ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ ਅਤੇ ਉਹ ਨੇਮਾਂ ਦਾ ਹਵਾਲਾ ਦੇਣ ਲੱਗ ਪਏ। ਸ੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਡੈਰੇਕ ਓ’ਬ੍ਰਾਇਨ, ਬਿਨੋਏ ਵਿਸ਼ਵਮ ਅਤੇ ਹੋਰਾਂ ਤੋਂ ਨਿਯਮ 267 ਤਹਿਤ ਅੱਜ ਦਾ ਕੰਮਕਾਜ ਰੋਕ ਕੇ ਐੱਨਪੀਆਰ ਅਤੇ ਸੀਏਏ ਨਾਲ ਸਬੰਧਤ ਮੁੱਦਿਆਂ ’ਤੇ ਬਹਿਸ ਕਰਾਉਣ ਦੇ ਨੋਟਿਸ ਮਿਲੇ ਹਨ। ਸੁਬਰਾਮਣੀਅਨ ਸਵਾਮੀ ਤੋਂ ਵੀ ਸਬੰਧਤ ਮੁੱਦੇ ’ਤੇ ਧਿਆਨ ਦਿਵਾਊ ਨੋਟਿਸ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਬਹਿਸ ਦੌਰਾਨ ਇਹ ਮੁੱਦੇ ਉਠਾ ਸਕਦੇ ਹਨ ਪਰ ਵਿਰੋਧੀ ਧਿਰ ਦੇ ਮੈਂਬਰ ਨਹੀਂ ਮੰਨੇ ਅਤੇ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਇਸ ਤੋਂ ਬਾਅਦ ਜਦੋਂ ਦੁਪਹਿਰ ਸਮੇਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਉਪ ਚੇਅਰਮੈਨ ਹਰੀਵੰਸ਼ ਨਾਰਾਇਣ ਸਿੰਘ ਨੇ ਕਿਹਾ ਕਿ ਚੇਅਰਮੈਨ ਵੱਲੋਂ ਵਿਰੋਧੀ ਪਾਰਟੀਆਂ ਦੇ ਨੋਟਿਸਾਂ ’ਤੇ ਸੁਣਾਏ ਗਏ ਫ਼ੈਸਲੇ ’ਤੇ ਵਿਚਾਰ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ। ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਹ ਬੁਨਿਆਦੀ ਮੁੱਦਾ ਹੈ ਅਤੇ ਸਦਨ ਨੇਮਾਂ ਦੇ ਆਧਾਰ ’ਤੇ ਚੱਲਦਾ ਹੈ। ਬਹਿਸ ਲਈ ਨਿਯਮ 267 ਹੈ ਅਤੇ ਜੇਕਰ ਇਜਾਜ਼ਤ ਨਹੀਂ ਦੇਣੀ ਹੈ ਤਾਂ ਨੇਮਾਂਵਲੀ ’ਚ ਅਜਿਹੇ ਨਿਯਮ ਕਿਉਂ ਰੱਖੇ ਗਏ ਹਨ। ਉਪ ਚੇਅਰਮੈਨ ਨੇ ਜਦੋਂ ਪ੍ਰਸ਼ਨਕਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਵਿਰੋਧੀ ਮੈਂਬਰ ਉਨ੍ਹਾਂ ਦੇ ਆਸਣ ਮੂਹਰੇ ਆ ਗਏ। ਸਦਨ ’ਚ ਹੰਗਾਮਾ ਹੋਣ ਕਰਕੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।