ਸੰਸਦੀ ਕਮੇਟੀ ਵੱਲੋਂ ਕੈਂਸਰ ਦਾ ਸਸਤਾ ਇਲਾਜ ਮੁਹੱਈਆ ਕਰਵਾਉਣ ਦੀ ਸਿਫਾਰਸ਼
ਨਵੀਂ ਦਿੱਲੀ-ਸੰਸਦੀ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਦੇਸ਼ ਵਿੱਚ ਕੈਂਸਰ ਦੇ ਇਲਾਜ ਲਈ ਮੁੱਢਲੇ ਢਾਂਚੇ ਨੂੰ ਵਿਕਸਤ ਕੀਤਾ ਜਾਵੇ ਅਤੇ ਮੋਹਰੀ ਕੈਂਸਰ ਸੰਸਥਾ ਦਾ ਵਿਕਾਸ ਕਰ ਕੇ ਇਲਾਜ ਹਰੇਕ ਮਰੀਜ਼ ਦੀ ਪਹੁੰਚ ਵਿੱਚ ਕੀਤਾ ਜਾਵੇ। ਕਮੇਟੀ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਦੋ-ਤਿਹਾਈ ਮਰੀਜ਼ ਦੇਸ਼ ਵਿੱਚ ਇਲਾਜ ਨਾ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਪੈ ਰਹੇ ਹਨ।
ਸੰਸਦ ਦੀ ਸਾਇੰਸ, ਟੈਕਨਾਲੌਜੀ, ਵਾਤਾਵਰਨ, ਜੰਗਲਾਤ ਅਤੇ ਵਾਤਾਵਰਨ ਤਬਦੀਲੀਆਂ ਸਬੰਧੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਅਨੁਸਾਰ ਟਾਟਾ ਮੈਮੋਰੀਅਲ ਸੈਂਟਰ (ਟੀਐੱਮਸੀ) ਮੁੰਬਈ ਰਾਹੀਂ ਦੇਸ਼ ਵਿੱਚ ਪਰਮਾਣੂ ਊਰਜਾ ਵਿਭਾਗ ਦਾ ਰੋਲ ਵਧਾਇਆ ਜਾਣਾ ਚਾਹੀਦਾ ਹੈ ਅਤੇ ‘ਹੱਬ ਐਂਡ ਸਪੋਕ’ ਮਾਡਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਪ੍ਰਬੰਧ ਵਿੱਚ ਇੱਕ ਵਿਸ਼ੇਸ਼ ਕੇਂਦਰ ਅਤੇ ਉਸ ਦੇ ਨਾਲ ਸਹਾਇਕ ਕੇਂਦਰ ਸਥਾਪਿਤ ਕੀਤੇ ਜਾਣੇ ਹਨ, ਜੋ ਮਰੀਜ਼ਾਂ ਦਾ ਇਲਾਜ ਘਰਾਂ ਦੇ ਨਜ਼ਦੀਕ ਯਕੀਨੀ ਬਣਾਉਣਗੇ। ਸੰਸਦੀ ਕਮੇਟੀ ਦੇ ਚੇਅਰਮੈਨ ਜੈਰਾਮ ਰਾਮੇਸ਼ ਦੀ ਅਗਵਾਈ ਵਿੱਚ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੂੰ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਜਾਣਕਾਰੀ ਰਾਜ ਸਭਾ ਦੇ ਸਕੱਤਰੇਤ ਨੇ ਦਿੱਤੀ ਹੈ। ਕਮੇਟੀ ਨੇ ਦੇਸ਼ ਵਿੱਚ ਕੈਂਸਰ ਦੇ ਇਲਾਜ ਲਈ ਮੋਹਰੀ ਸੰਸਥਾ ਟਾਟਾ ਮੈਰੋਰੀਅਲ ਸੈਂਟਰ ਦਾ ਦਾਇਰਾ ਵਧਾਉਣ ਦੇ ਨਾਲ ਪਰਮਾਣੂ ਉਰਜਾ ਵਿਭਾਗ ਦੀ ਸਹਾਇਤਾ ਵਧਾਉਣ ਦੀ ਵੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ ਕਿਹਾ ਕਿ ਇਹ ਆਮ ਕਿਸਮ ਦੇ ਕੈਂਸਰ ਲਈ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਘੱਟ ਤੋਂ ਘੱਟ ਪ੍ਰਭਾਵਿਤ ਹੋ ਸਕੇ। ਇਸ ਦੇ ਨਾਲ ਹੀ ਗੁੰਝਲਦਾਰ ਕਿਸਮ ਦੇ ਕੈਂਸਰ ਰੋਗੀਆਂ ਦੇ ਇਲਾਜ ਲਈ ਵਿਸ਼ੇਸ਼ ਕੇਂਦਰ ਤਿਆਰ ਕੀਤੇ ਜਾਣ। ਕਮੇਟੀ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਕੈਂਸਰ ਦੇ 68 ਫੀਸਦੀ ਮਰੀਜ਼ ਦੇਸ਼ ਵਿੱਚ ਇਲਾਜ ਨਾ ਹੋਣ ਕਾਰਨ ਮਰ ਰਹੇ ਹਨ। ਇਸ ਦੇ ਨਾਲ ਹੀ ਕਮੇਟੀ ਨੇ ਕਿਹਾ ਕਿ ਪਰਮਾਣੂ ਉਰਜਾ ਮੰਤਰੀ ਦੀ ਅਗਵਾਈ ਵਿੱਚ ਇੱਕ ਸੰਚਾਲਨ ਕਮੇਟੀ ਬਣਾਈ ਜਾਵੇ। ਇਸ ਦੇ ਵਿੱਚ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਟਾਟਾ ਸੈਂਟਰ ਦੇ ਡਾਇਰੈਕਟਰ ਵੀ ਮੈਂਬਰਾਂ ਵਜੋਂ ਸ਼ਾਮਲ ਕੀਤੇ ਜਾਣ ਤਾਂ ਜੋ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾ ਸਕੇ।