ਹਕਸਰ ਵਲੋਂ ਚਾਣਕਯ ਨੀਤੀ ਬਾਰੇ ਪੁਸਤਕ ਦਾ ਅੰਗਰੇਜ਼ੀ ਵਿੱਚ ਅਨੁਵਾਦ
ਲੰਬਾ ਸਮਾਂ ਡਿਪਲੋਮੈਟ ਰਹੇ ਏਐੱਨਡੀ ਹਕਸਰ ਵਲੋਂ ਚਾਣਕਯ ਨੀਤੀ ਕੋਸ਼ ਦਾ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ‘ਚਾਣੱਕਯ ਨੀਤੀ: ਵਰਸਿਜ਼ ਔਨ ਲਾਈਫ ਐਂਡ ਲਿਵਿੰਗ’ ਨਾਂ ਦੀ ਇਸ ਪੁਸਤਕ ਨੂੰ ਛਾਪਿਆ ਹੈ।
ਹਕਸਰ, ਜੋ ਪਹਿਲਾਂ ਵੀ ਸੰਸਕ੍ਰਿਤ ਦੀਆਂ ਕਈ ਪੁਸਤਕਾਂ ਦਾ ਅਨੁਵਾਦ ਕਰ ਚੁੱਕੇ ਹਨ, ਦਾ ਕਹਿਣਾ ਹੈ ਕਿ ਇਸ ਪੁਸਤਕ ਵਿਚਲੇ ਅਖਾਣ ਰੋਜ਼ਮੱਰ੍ਹਾ ਦੇ ਜੀਵਨ ’ਤੇ ਆਧਾਰਿਤ ਹਨ। ਉਨ੍ਹਾਂ ਕਿਹਾ, ‘‘ਇਸ ਪੁਸਤਕ ਵਿਚਲੇ ਅਖਾਣ ਪਰਿਵਾਰ ਅਤੇ ਸਮਾਜਿਕ ਆਲੇ-ਦੁਆਲੇ, ਦੋਸਤਾਂ ਤੇ ਦੁਸ਼ਮਣਾਂ, ਧਨ ਦੀ ਵਾਧ ਜਾਂ ਘਾਟ, ਸਰਕਾਰੀ ਅਤੇ ਨਿੱਜੀ ਮੁਲਾਕਾਤਾਂ, ਗਿਆਨ ਦੇ ਫ਼ਾਇਦੇ ਅਤੇ ਹਰੇਕ ਚੀਜ਼ ਦਾ ਅੰਤ ਆਦਿ ਨਾਲ ਸਬੰਧਤ ਹਨ। ਇਸ ਵਿੱਚ ਜ਼ਿੰਦਗੀ ਵਿੱਚ ਭਲਾ-ਬੁਰਾ, ਸਹੀ-ਗਲਤ ਵਿਹਾਰ ਅਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਸਬੰਧੀ ਪ੍ਰੇਰਨਾਵਾਂ ਵੀ ਦਿੱਤੀਆਂ ਗਈਆਂ ਹਨ।’’ ਉਨ੍ਹਾਂ ਕਿਹਾ ਕਿ ਇਹ ਪੁਸਤਕ ਭਾਰਤੀ ਸਮਾਜ ਦੇ ਹਾਲਾਤ ਦਾ ਅਕਸ ਹੈ।