ਹਰ ਪਿੰਡ ’ਚ ਖ਼ਰੀਦ ਕੇਂਦਰ ਬਣਾਉਣ ’ਤੇ ਮੋਹਰ
ਪੰਜਾਬ ਸਰਕਾਰ ਨੇ ਸੂਬੇ ’ਚ ਕਣਕ ਦੀ ਖਰੀਦ ਨੀਤੀ ’ਚ ਵੱਡੀ ਤਬਦੀਲੀ ਕਰਦਿਆਂ ਅਨਾਜ ਮੰਡੀਆਂ ਵਿੱਚ ਇੱਕ ਦਿਨ ਦੌਰਾਨ ਇੱਕੋ ਪਿੰਡ ਦੇ ਕਿਸਾਨਾਂ ਦੀਆਂ ਜਿਣਸਾਂ ਇੱਕੋ ਮੰਡੀ ’ਚ ਆਉਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਖਰੀਦ ਪ੍ਰਬੰਧਾਂ ਸਬੰਧੀ ਨਵੀਂ ਗਠਿਤ ਕਮੇਟੀ ਦੇ ਮੁਖੀ ਕੇਏਪੀ ਸਿਨਹਾ ਨੇ ਹੁਕਮ ਜਾਰੀ ਕਰਦਿਆਂ 5 ਆਈਏਐੱਸ ਅਫਸਰਾਂ ਦੀਆਂ ਜ਼ਿਲ੍ਹਾ ਵਾਰ ਡਿਊਟੀਆਂ ਲਾਈਆਂ ਹਨ। ਜ਼ਿਕਰਯੋਗ ਹੈ ਕਿ ਕਰੋਨਾਵਾਿੲਰਸ ਫੈਲਣ ਦੇ ਡਰ ਕਾਰਨ ਪੰਜਾਬ ਸਰਕਾਰ ਨੇ ਅਜਿਹਾ ਫੈਸਲਾ ਲੈਣ ਬਾਰੇ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਪਿਛਲੇ ਹਫ਼ਤੇ ‘ਪੰਜਾਬੀ ਟਿ੍ਰਬਿਊਨ’ ’ਚ ਖ਼ਬਰ ਵੀ ਪ੍ਰਕਾਸ਼ਿਤ ਹੋਈ ਸੀ।
ਤਾਜ਼ਾ ਹੁਕਮਾਂ ਮੁਤਾਬਕ ਪੰਜਾਬ ਗੁਦਾਮ ਨਿਗਮ ਦੇ ਐੱਮਡੀ ਨੀਲ ਕੰਠ ਨੂੰ ਰੋਪੜ ਅਤੇ ਨਵਾਂਸ਼ਹਿਰ, ਮਾਰਕਫੈੱਡ ਦੇ ਐੱਮਡੀ ਵਰੁਣ ਰੂਜ਼ਮ ਨੂੰ ਅੰਮ੍ਰਿਤਸਰ ਤੇ ਤਰਨ ਤਾਰਨ, ਖੁਰਾਕ ਤੇ ਸਪਲਾਈ ਸਪਲਾਈ ਵਿਭਾਗ ਦੀ ਡਾਇਰੈਕਟਰ ਆਨੰਦਿੱਤਾ ਮਿੱਤਰਾ ਨੂੰ ਮੁਹਾਲੀ, ਪਨਸਪ ਦੇ ਐੱਮਡੀ ਰਾਮਬੀਰ ਨੂੰ ਜਲੰਧਰ ਤੇ ਕਪੂਰਥਲਾ, ਪੰਜਾਬ ਐਗਰੋ ਦੇ ਐੱਮਡੀ ਮਨਜੀਤ ਸਿੰਘ ਬਰਾੜ ਨੂੰ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ’ਚ ਜਾ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਇੱਕ ਪਿੰਡ ਇੱਕ ਮੰਡੀ ਤੇ ਇੱਕ ਦਿਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ 28 ਅਤੇ 29 ਅਪਰੈਲ ਨੂੰ ਸਬੰਧਤ ਜ਼ਿਲ੍ਹਿਆਂ ਦਾ ਦੌਰਾ ਕਰਕੇ 30 ਅਪਰੈਲ ਨੂੰ ਰਿਪੋਰਟ ਸੌਂਪੀ ਜਾਵੇ। ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਕਣਕ ਦੀ ਖਰੀਦ ਸਬੰਧੀ ਨੀਤੀ ਨੂੰ ਲੈ ਕੇ ਕਈ ਦਿਨਾਂ ਤੋਂ ਬਹਿਸ ਚੱਲ ਰਹੀ ਹੈ। ਇਸ ਦੇ ਚੱਲਦਿਆਂ ਹੀ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਨਵੀਂ ਕਮੇਟੀ ਦਾ ਗਠਨ ਕਰਦਿਆਂ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਖੇਤੀਬਾੜੀ ਵਿਭਾਗ ਨੂੰ ਇਸ ’ਚੋਂ ਬਾਹਰ ਕਰ ਦਿੱਤਾ ਸੀ। ਇੱਕ ਪਿੰਡ ਇੱਕ ਦਿਨ ਤੇ ਇੱਕੋ ਮੰਡੀ ਦੇ ਸਿਧਾਂਤ ਤੇ ਨੀਤੀ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਦਲੀਲ ਹੈ ਕਿ ਇਹ ਨੀਤੀ ਅਪਣਾਉਣ ਨਾਲ ਪਿੰਡਾਂ ’ਚ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਲੀਲ ਦਿੱਤੀ ਜਾ ਰਹੀ ਸੀ ਕਿ ਇੱਕ ਪਿੰਡ ਇੱਕ ਮੰਡੀ ਤੇ ਇੱਕ ਦਿਨ ਦੀ ਨੀਤੀ ਲਾਗੂ ਕਰਨ ਨਾਲ ਕਣਕ ਦੀ ਖਰੀਦ ਦਾ ਸੀਜ਼ਨ ਲੰਮਾ ਹੋ ਜਾਵੇਗਾ ਤੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ’ਚ ਦਿੱਕਤ ਆਵੇਗੀ।