ਹਰਸਿਮਰਤ ਵੱਲੋਂ ਮੋਦੀ ਦੀ ਰੈਲੀ ਵਾਲੀ ਥਾਂ ਦਾ ਦੌਰਾ
ਡੇਰਾ ਬਾਬਾ ਨਾਨਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਸਮਾਗਮ ਦੌਰਾਨ ਸੰਬੋਧਨ ਕਰਨਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਬੀਬੀ ਬਾਦਲ ਨੇ ਸ਼ਿਕਾਰ ਮਾਛੀਆਂ ਵਿੱਚ ਬੀਐੱਸਐੱਫ ਦੇ ਹੈੱਡਕੁਆਟਰ ਕੰਪਲੈਕਸ ਵਿੱਚ ਬਣੀ ਸਟੇਜ ਦਾ ਜਾਇਜ਼ਾ ਲਿਆ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਉਹ ਹੋਰ ਆਗੂਆਂ ਨਾਲ ਕਰਤਾਰਪੁਰ ਲਾਂਘੇ ਵਾਲੇ ਸਥਾਨ ’ਤੇ ਗਏ ਅਤੇ ਉਥੇ ਚੱਲ ਰਹੇ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਕੇਂਦਰੀ ਮੰਤਰੀ ਬੀਬੀ ਬਾਦਲ ਨੇ ਇਨ੍ਹਾਂ ਦੋਵਾਂ ਸਥਾਨਾਂ ’ਤੇ ਪੱਤਰਕਾਰਾਂ ਨਾਲ ਗੱਲ ਕਰਨਾ ਮੁਨਾਸਬ ਨਾ ਸਮਝਿਆ। ਦੌਰੇ ਦੌਰਾਨ ਅਕਾਲੀ ਆਗੂ ਬੰਟੀ ਰੋਮਾਣਾ, ਸੋਨੂੰ ਲੰਗਾਹ, ਰਵੀਕਰਨ ਸਿੰਘ ਕਾਹਲੋਂ ਅਤੇ ਦੋਆਬਾ ਦੇ ਯੂਥ ਆਗੂ ਸਰਬਜੋਤ ਸਿੰਘ ਸਾਬੀ ਸਮੇਤ ਹੋਰ ਆਗੂ ਉਨ੍ਹਾਂ ਨਾਲ ਸਨ।
ਬੀਐੱਸਐੱਫ ਹੈੱਡਕੁਆਰਟਰ ਵਿੱਚ ਜਦ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਪੁੱਛਿਆ ਗਿਆ ਤਾਂ ਉਹ ਬਿਨਾਂ ਕੋਈ ਗੱਲ ਕੀਤੇ ਕਰਤਾਪੁਰ ਲਾਂਘੇ ਵਾਲੇ ਸਥਾਨ ਵੱਲ ਚਲੇ ਗਏ। ਉੱਥੇ ਉਨ੍ਹਾਂ ਨੇ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਕੰਮ ਸਬੰਧੀ ਜਾਣਕਾਰੀ ਲਈ।