ਹਰਿਆਣਾ: ਖੱਟਰ ਤੇ ਦੁਸ਼ਯੰਤ ਅੱਜ ਲੈਣਗੇ ਹਲਫ਼
ਚੰਡੀਗੜ੍ਹ-ਹਰਿਆਣਾ ਦੀ ਰਾਜਨੀਤੀ ਦੇ 53 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਦੀਵਾਲੀ ਹੋਵੇਗੀ, ਜੋ ਦਹਾਕਿਆਂ ਤੱਕ ਯਾਦ ਰੱਖੀ ਜਾਵੇਗੀ। ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਨਵੇਂ ਸਿਰੇ ਤੋਂ ਜਨਨਾਇਕ ਜਨਤਾ ਪਾਰਟੀ (ਜਜਪਾ) ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੀ ਹੈ। ਭਲਕੇ 27 ਅਕਤੂਬਰ ਨੂੰ ਦੁਪਹਿਰ 2.15 ਵਜੇ ਭਾਜਪਾ ਦੇ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਵਜੋਂ ਅਤੇ ਜਜਪਾ ਦੇ ਦੁਸ਼ਯੰਤ ਚੌਟਾਲਾ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਸਬੰਧੀ ਚੰਡੀਗੜ੍ਹ ਸਥਿਤ ਰਾਜ ਭਵਨ ਵਿੱਚ ਪੰਡਾਲ ਸਜ ਚੁੱਕਿਆ ਹੈ ਅਤੇ ਤਿਆਰੀਆਂ ਹੋ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਚੰਡੀਗੜ੍ਹ ਸਥਿਤ ਯੂਟੀ ਗੈਸਟ ਹਾਊਸ ਵਿੱਚ ਭਾਜਪਾ ਵਿਧਾਇਕ ਦਲ ਦੀ ਪਹਿਲੀ ਬੈਠਕ ਹੋਈ। ਬੈਠਕ ਵਿੱਚ ਕੇਂਦਰੀ ਨਿਗਰਾਨ ਵਜੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਅਰੁਣ ਸਿੰਘ ਚੰਡੀਗੜ੍ਹ ਪਹੁੰਚੇ। ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਡਾ. ਅਨਿਲ ਜੈਨ, ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਅਤੇ ਪਾਰਟੀ ਆਗੂ ਸੁਰੇਸ਼ ਭੱਟ ਵੀ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਅਨਿਲ ਵਿੱਜ ਅਤੇ ਸਪੀਕਰ ਕੰਵਰਪਾਲ ਗੁੱਜਰ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਮਨੋਹਰ ਲਾਲ ਖੱਟਰ ਦੇ ਨਾਮ ਦਾ ਪ੍ਰਸਤਾਵ ਰੱਖਿਆ। ਭਾਜਪਾ ਦੇ ਅੱਠ ਵਿਧਾਇਕਾਂ- ਭਿਵਾਨੀ ਤੋਂ ਘਣਸ਼ਿਆਮ ਸ਼ਰਾਫ਼, ਬਾਵਲ ਤੋਂ ਡਾ. ਬਨਵਾਰੀ ਲਾਲ, ਪਾਣੀਪਤ ਦਿਹਾਤੀ ਤੋਂ ਮਹੀਪਾਲ ਢਾਂਡਾ, ਨਾਂਗਲ-ਚੌਧਰੀ ਤੋਂ ਅਭੈ ਸਿੰਘ ਯਾਦਵ, ਬਵਾਨੀਖੇੜਾ ਤੋਂ ਬਿਸ਼ੰਭਰ ਵਾਲਮੀਕ, ਇੰਦਰੀ ਤੋਂ ਰਾਮਕੁਮਾਰ ਕਸ਼ਯਪ ਅਤੇ ਗਨੌਰ ਤੋਂ ਨਿਰਮਲ ਚੌਧਰੀ ਨੇ ਇਸ ਦਾ ਸਮਰਥਨ ਕੀਤਾ। ਖੱਟਰ ਨੂੰ ਸਰਬਸੰਮਤੀ ਨਾਲ ਨੇਤਾ ਚੁਣਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਐਤਵਾਰ ਨੂੰ ਸਹੁੰ ਚੁੱਕ ਸਮਾਗਮ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਸਵੇਰੇ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਰਾਜਪਾਲ ਸੱਤਿਆਦਿਓ ਨਾਰਾਇਣ ਆਰੀਆ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਦੇ ਪਦ ਤੋਂ ਆਪਣਾ ਅਸਤੀਫ਼ਾ ਸੌਂਪਿਆ। ਦੁਪਹਿਰ ਕਰੀਬ ਢਾਈ ਵਜੇ ਖੱਟਰ ਅਤੇ ਦੁਸ਼ਯੰਤ ਇਕੱਠੇ ਰਾਜਪਾਲ ਨਾਲ ਮੁਲਾਕਾਤ ਕਰਨ ਪਹੁੰਚੇ। ਉਨ੍ਹਾਂ ਨਾਲ ਸੱਤ ਆਜ਼ਾਦ ਵਿਧਾਇਕ ਵੀ ਆਪਣਾ ਸਮਰਥਨ ਪੱਤਰ ਲੈ ਕੇ ਰਾਜਪਾਲ ਕੋਲ ਪਹੁੰਚੇ। ਅਜਿਹੇ ਵਿੱਚ ਹੁਣ ਭਾਜਪਾ ਨੂੰ ਬਹੁਮਤ ਸਾਬਤ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ। ਭਾਜਪਾ ਦੇ 40 ਵਿਧਾਇਕਾਂ ਤੋਂ ਇਲਾਵਾ ਜਜਪਾ ਦੇ 10 ਅਤੇ ਸੱਤ ਆਜ਼ਾਦ ਵਿਧਾਇਕਾਂ ਦੇ ਨਾਲ ਆਉਣ ਨਾਲ ਇਹ ਗਿਣਤੀ 57 ਹੋ ਗਈ ਹੈ। ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਜਪਾ ਦੇ 10 ਵਿਧਾਇਕਾਂ ਤੇ ਸੱਤ ਆਜ਼ਾਦ ਵਿਧਾਇਕਾਂ ਦਾ ਸਮਰਥਨ ਸਾਡੇ ਕੋਲ ਹੈ। ਐਤਵਾਰ ਨੂੰ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਸਹੁੰ ਚੁੱਕਣਗੇ। ਕੈਬਨਿਟ ਮੰਤਰੀ ਦੇ ਹਲਫ਼ ਬਾਰੇ ਭਲਕੇ ਹੀ ਖ਼ੁਲਾਸਾ ਕੀਤਾ ਜਾਵੇਗਾ। ਇਸੇ ਦੌਰਾਨ ਜਜਪਾ ਵਿਧਾਇਕ ਦਲ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਭਾਜਪਾ ਨੂੰ ਸਮਰਥਨ ਪੱਤਰ ਸੌਂਪ ਦਿੱਤਾ ਗਿਆ ਹੈ।