ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ
ਨਵੀਂ ਦਿੱਲੀ-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਪਾਕਿਸਤਾਨ ਨਾਲ ਅੰਦਰੂਨੀ ਖਿੱਚੋਤਾਣ ਦੇ ਚੱਲਦਿਆਂ ਸਰਕਾਰ ਨੇ ਇਸ ਮੁੱਦੇ ’ਤੇ ਪਹਿਲ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤਾਂ ਨੂੰ ਲਿਆਉਣ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਪ੍ਰੋਗਰਾਮ ਉਦੋਂ ਉਲੀਕਿਆ ਹੈ ਜਦੋਂ ਕਰਤਾਰਪੁਰ ਲਾਂਘਾ ਖੋੋਲ੍ਹਣ ਵਿੱਚ ਸਿਰਫ ਤਿੰਨ ਹਫ਼ਤਿਆਂ ਦਾ ਸਮਾਂ ਬਾਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਮਜਬੂਰੀ ’ਚ ਕਰਤਾਰਪੁਰ ਲਾਂਘੇ ਉੱਤੇ ਹਸਤਾਖ਼ਰ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਨੇ ਪ੍ਰਤੀ ਸ਼ਰਧਾਲੂ ਲਾਈ 20 ਡਾਲਰ ਦੀ ਫੀਸ ਹਟਾਉਣ ਸਬੰਧੀ ਭਾਰਤ ਦੀ ਅਪੀਲ ਨਹੀਂ ਮੰਨੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਲੋਂ ਜਾਰੀ ਬਿਆਨ ਅਨੁਸਾਰ, ‘ਕਈ ਗੇੜ ਦੀ ਗੱਲਬਾਤ ਤੋਂ ਬਾਅਦ ਅਸੀਂ ਇੱਕ ਫੀਸ ਵਾਲੇ ਮੁੱਦੇ ਨੂੰ ਛੱਡ ਕੇ ਹੋਰ ਸਾਰੇ ਮੁੱਦਿਆਂ ਉੱਤੇ ਸਮਝੌਤੇ ਉੱਤੇ ਪੁੱਜ ਗਏ ਹਾਂ। ਇਹ ਫੀਸ 1420 ਰੁਪਏ ਪ੍ਰਤੀ ਸ਼ਰਧਾਲੂ ਬਣਦੀ ਹੈ। ਅਸੀਂ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸ਼ਰਧਾਲੂਆਂ ਦੇ ਹਿਤ ਵਿੱਚ ਇਸ ਫੈਸਲੇ ਨੂੰ ਵਾਪਿਸ ਲਵੇ। ਅਸੀਂ ਆਸ ਕਰਦੇ ਹਾਂ ਕਿ ਇਸ ਮਹਾਨ ਕਾਰਜ ਦੇ ਲਈ ਸਮਝੌਤਾ ਸਮੇਂ ਸਿਰ ਸਿਰੇ ਚੜ੍ਹ ਜਾਵੇਗਾ।’
ਦੂਜੇ ਪਾਸੇ ਪਾਕਿਸਤਾਨ ਸ਼ਰਧਾਲੂਆਂ ਦੇ ਗੁਰਦੁਆਰਾ ਕਰਤਾਰਪੁਰ ਦੀ ਯਾਤਰਾ ਦੇ ਸਮੇਂ ਦੌਰਾਨ ਭਾਰਤੀ ਕਾਊਂਸਲਰ ਅਧਿਕਾਰੀ ਨੂੰ ਤਾਇਨਾਤ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਦਿਨਾਂ ਮੌਕੇ ਦਸ ਹਜ਼ਾਰ ਸ਼ਰਧਾਲੂਆਂ ਨੂੰ ਪਰਮਿਟ ਦਿੱਤੇ ਜਾਣਗੇ।
90 ਦੇਸ਼ਾਂ ਦੇ ਰਾਜਦੂਤ ਪ੍ਰਕਾਸ਼ ਪੁਰਬ ਸਬੰਧੀ ਭਾਰਤ ਦੇ 20 ਦੂਤਘਰਾਂ ਅਤੇ ਕੌਂਸਲੇਟਸ ਵੱਲੋਂ ਕਰਵਾਏ ਜਾ ਰਹੇ ਆਖੰਡਪਾਠ, ਗੁਰਬਾਣੀ ਕੀਰਤਨ ਅਤੇ ਨਗਰ ਕੀਰਤਨ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ। ਵਿਦੇਸ਼ੀ ਰਾਜਦੂਤ ਇੱਕ ਵਿਸ਼ੇਸ਼ ਜਹਾਜ਼ ਵਿੱਚ ਆਉਣਗੇ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਇਨ੍ਹਾਂ ਦੀ ਅਗਵਾਈ ਕਰਨਗੇ।