ਹਾਈ ਅਲਰਟ: ਪੁਲੀਸ ਨੇ ਪਿੰਡਾਂ ’ਚ ਤਲਾਸ਼ੀ ਮੁਹਿੰਮ ਚਲਾਈ

ਹਾਈ ਅਲਰਟ: ਪੁਲੀਸ ਨੇ ਪਿੰਡਾਂ ’ਚ ਤਲਾਸ਼ੀ ਮੁਹਿੰਮ ਚਲਾਈ

ਪਠਾਨਕੋਟ-ਪਠਾਨਕੋਟ ਜ਼ਿਲ੍ਹੇ ਵਿਚ ਜਾਰੀ ਹਾਈ ਅਲਰਟ ਦੌਰਾਨ ਪੰਜਾਬ ਪੁਲੀਸ ਨੇ ਅੱਜ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ, ਉਝ ਤੇ ਤਰਨਾਹ ਦਰਿਆ ਦੇ ਖੇਤਰ, ਤਾਸ਼ ਪੱਤਣ, ਭੋਆ ਹਲਕੇ ਦੇ ਪਿੰਡਾਂ ਅਤੇ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਰਣਜੀਤ ਸਾਗਰ ਡੈਮ ਅਤੇ ਧਾਰ ਕਲਾਂ ਦੇ ਨੀਮ ਪਹਾੜੀ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਤਹਿਤ ਜੰਗਲ, ਦਰਿਆਈ ਖੇਤਰ, ਘਰਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪਿੰਡਾਂ ਦੇ ਪੰਚਾਂ, ਸਰਪੰਚਾਂ ਦਾ ਵੀ ਸਹਿਯੋਗ ਲਿਆ ਗਿਆ। ਅੱਜ ਦੀ ਇਸ ਮੁਹਿੰਮ ਵਿਚ 2500 ਦੇ ਕਰੀਬ ਪੁਲੀਸ ਮੁਲਾਜ਼ਮ ਸ਼ਾਮਲ ਹੋਏ। ਇਨ੍ਹਾਂ ਵਿਚ 36 ਐੱਸਪੀ, 125 ਡੀਐੱਸਪੀ, ਕਮਾਂਡੈਂਟ, ਐੱਸਓਜੀ ਅਤੇ ਆਈਆਰਬੀ, ਕਮਾਂਡੋਜ਼, ਮਹਿਲਾ ਪੁਲੀਸ ਮੁਲਾਜ਼ਮ ਵੀ ਸ਼ਾਮਲ ਸਨ। ਇਕੱਲੇ ਧਾਰ ਬਲਾਕ ਦੇ ਜੰਗਲਾਂ ਅਤੇ ਘਰਾਂ ਵਿਚ ਤਲਾਸ਼ੀ ਲਈ ਇਕ ਹਜ਼ਾਰ ਜਵਾਨ, ਅੱਠ ਐੱਸਪੀ, 50 ਡੀਐੱਸਪੀ, ਐੱਸਓਜੀ ਅਤੇ ਆਈਆਰਬੀ ਨੂੰ ਤਾਇਨਾਤ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਭਾਰੀ ਗਿਣਤੀ ’ਚ ਪੁੱਜੇ ਪੁਲੀਸ ਮੁਲਾਜ਼ਮਾਂ ਨੂੰ ਬੀਤੀ ਰਾਤ ਤੋਂ ਹੀ ਅਦਵੈਤ ਸਵਰੂਪ ਆਸ਼ਰਮ ਸ਼ਾਹਪੁਰਕੰਡੀ, ਸਰਕਾਰੀ ਮਾਡਲ ਸਕੂਲ ਜੁਗਿਆਲ ਅਤੇ ਹੋਰ ਸਥਾਨਾਂ ’ਤੇ ਠਹਿਰਾਇਆ ਗਿਆ ਸੀ। ਅੱਜ ਸਵੇਰੇ ਇਨ੍ਹਾਂ ਸੁਰੱਖਿਆ ਦਸਤਿਆਂ ਨੇ ਧਾਰ ਦੇ ਜੰਗਲਾਂ, ਗੁੱਜਰਾਂ ਦੇ ਡੇਰਿਆਂ ਅਤੇ ਹੋਰ ਘਰਾਂ ਦੀ ਤਲਾਸ਼ੀ ਲਈ। ਜੰਗਲ ਦੀ ਤਲਾਸ਼ੀ ਸਮੇਂ ਫਾਰੈਸਟ ਗਾਰਡਾਂ ਦੀ ਮਦਦ ਲਈ ਗਈ।
ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧਾਰ ਕਲਾਂ ਨਾਲ ਲੱਗਦੇ ਜੰਗਲਾਂ ਵਿਚ ਕਟੋਰੀ ਬੰਗਲਾ, ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਹੈ, ਤੋਂ ਸਰਚ ਅਪ੍ਰੇਸ਼ਨ ਸ਼ੁਰੂ ਕਰ ਕੇ ਫੰਗੋਤਾ ਰਾਵੀ ਦਰਿਆ ਦੇ ਕਿਨਾਰੇ ਤੱਕ ਕੀਤਾ ਗਿਆ। ਇਸ ਦੇ ਨਾਲ ਹੀ ਮੱਟੀ, ਕੋਟ, ਸਲਾਰੀ ਖੱਡ, ਮੈਰਾ ਟੀਕਾ, ਸੁਕਰੇਤ, ਸਟੀਨ, ਲਹਿਰੂਨ, ਦਰੰਗ ਖੱਡ, ਡੂੰਘ, ਥੜ੍ਹਾ ਉੱਪਰਲਾ, ਡੈਮ ਪ੍ਰਾਜੈਕਟ ਅਤੇ ਰਣਜੀਤ ਸਾਗਰ ਝੀਲ ਦੇ ਨਾਲ ਲੱਗਦੇ ਜੰਗਲਾਂ ਵਿਚ ਸਰਚ ਅਪ੍ਰੇਸ਼ਨ ਕੀਤਾ ਗਿਆ। ਇਸ ਤਲਾਸ਼ੀ ਮੁਹਿੰਮ ਲਈ 50 ਪਾਰਟੀਆਂ ਦਾ ਗਠਨ ਕੀਤਾ ਗਿਆ। ਇਸੇ ਤਰ੍ਹਾਂ ਬਮਿਆਲ ਦੇ ਸਰਹੱਦੀ ਖੇਤਰ ਅਤੇ ਭੋਆ ਹਲਕੇ ਦੇ ਪਿੰਡਾਂ ਵਿਚ ਸਰਚ ਅਪਰੇਸ਼ਨ ਦੀ ਅਗਵਾਈ ਐੱਸਪੀ ਹੇਮਪੁਸ਼ਪ ਸ਼ਰਮਾ ਨੇ ਕੀਤੀ। ਇਸ ਦੌਰਾਨ ਪਸ਼ੂਆਂ ਦੀਆਂ ਹਵੇਲੀਆਂ ਤੇ ਗੁੱਜਰਾਂ ਦੇ ਡੇਰਿਆਂ ਦੀ ਤਲਾਸ਼ੀ ਲਈ ਗਈ। ਥਾਣਾ ਤਾਰਾਗੜ੍ਹ ਅਧੀਨ ਆਉਂਦੇ 86 ਪਿੰਡਾਂ ਤੇ ਵਾਈਲਡ ਲਾਈਫ਼ ਸੈਂਚੂਰੀ ਅਤੇ ਕਾਨਵਾਂ ਪੁਲੀਸ ਨੇ ਆਪਣੇ ਅਧੀਨ ਆਉਂਦੇ 83 ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ।

Radio Mirchi