ਹਿਜ਼ਬੁਲ ਕਮਾਂਡਰ ਨਾਇਕੂ ਹਲਾਕ

ਹਿਜ਼ਬੁਲ ਕਮਾਂਡਰ ਨਾਇਕੂ ਹਲਾਕ

ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਰਿਆਜ਼ ਨਾਇਕੂ ਜੋ ਕਿ ਅੱਠ ਸਾਲਾਂ ਤੋਂ ਫਰਾਰ ਸੀ, ਨੂੰ ਸੁਰੱਖਿਆ ਬਲਾਂ ਨੇ ਅੱਜ ਮੁਕਾਬਲੇ ਵਿਚ ਹਲਾਕ ਕਰ ਦਿੱਤਾ ਹੈ। ਇਹ ਮੁਕਾਬਲਾ ਦਹਿਸ਼ਤਗਰਦ ਦੇ ਪੁਲਵਾਮਾ ਜ਼ਿਲ੍ਹੇ ਵਿਚ ਸਥਿਤ ਜੱਦੀ ਪਿੰਡ ਵਿਚ ਹੋਇਆ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੇ ਖ਼ਦਸ਼ੇ ਦੇ ਮੱਦੇਨਜ਼ਰ ਵਾਦੀ ਵਿਚ ਮੋਬਾਈਲ ਟੈਲੀਫੋਨ ਸੇਵਾ ਤੇ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਹੈ। ਲੋਕਾਂ ਦੀ ਆਵਾਜਾਈ ’ਤੇ ਵੀ ਸਖ਼ਤ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ। ਫ਼ੌਜ ਨੇ ਹਿਜ਼ਬੁਲ ਕਮਾਂਡਰ ਨੂੰ ਪੁਲਵਾਮਾ ਦੇ ਬੇਗਪੁਰਾ ਪਿੰਡ ਵਿਚ ਘੇਰਾ ਪਾਇਆ। ਇਸ ਤੋਂ ਪਹਿਲਾਂ ਪੁਲੀਸ ਨੇ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਦਹਿਸ਼ਤਗਰਦ ਆਪਣੇ ਇਕ ਸਾਥੀ ਨਾਲ ਪੁਲਵਾਮਾ ਦੇ ਪਿੰਡ ਵਿਚ ਘਿਰ ਗਿਆ ਹੈ ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਸੀ। ਬਾਅਦ ਵਿਚ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਘੇਰਿਆ ਗਿਆ ਦਹਿਸ਼ਤਗਰਦ ਨਾਇਕੂ ਹੈ, ਜਿਸ ਦੇ ਸਿਰ ’ਤੇ 12 ਲੱਖ ਰੁਪਏ ਦਾ ਇਨਾਮ ਹੈ, ਉਸ ਨੂੰ 8 ਸਾਲਾਂ ਤੋਂ ਲੱਭਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਨਾਇਕੂ ਨੂੰ ਅਤਿਵਾਦੀ ਸੰਗਠਨ ਦਾ ਆਰਜ਼ੀ ਮੁਖੀ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਿਚ ਨਾਇਕੂ ਦੀ ਮੌਜੂਦਗੀ ਬਾਰੇ ਪਹਿਲਾਂ ਪੱਕੀ ਜਾਣਕਾਰੀ ਹਾਸਲ ਕੀਤੀ ਗਈ ਸੀ ਤੇ ਮਗਰੋਂ ਉਸ ਨੂੰ ਕਾਬੂ ਕਰਨ ਲਈ ਯੋਜਨਾਬੰਦੀ ਕੀਤੀ ਗਈ। ਇਹ ਯਕੀਨੀ ਬਣਾਇਆ ਗਿਆ ਸੀ ਕਿ ਉਹ ਕਿਸੇ ਵੀ ਹਾਲ ਵਿਚ ਫਰਾਰ ਨਾ ਹੋ ਸਕੇ। ਨਾਇਕੂ ਦੇ ਸਹਿਯੋਗੀ ਨੇ ਮੁਕਾਬਲੇ ਦੌਰਾਨ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਮਗਰੋਂ ਉਹ ਵੀ ਮਾਰਿਆ ਗਿਆ।

Radio Mirchi