ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼

ਜਲੰਧਰ - ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਜੋੜੀ ਇੱਕ ਵਾਰ ਮੁੜ ਤੋਂ ਕਮਾਲ ਕਰਨ ਜਾ ਰਹੀ ਹੈ। ਇੱਕ ਵਾਰ ਮੁੜ ਤੋਂ ਇਹ ਜੋੜੀ ‘ਦਿਲ ਕੋ ਮੈਂਨੇ ਦੀ ਕਸਮ’ ਗੀਤ ‘ਚ ਨਜ਼ਰ ਆਵੇਗੀ । ਇਸ ਗੀਤ ਨੂੰ ਅਰਿਜੀਤ ਸਿੰਘ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ, ਜਿਸ ਦੇ ਬੋਲ ਕੁਮਾਰ ਦੀ ਕਲਮ ਵਿਚੋਂ ਨਿਕਲੇ ਹਨ। ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਇਹ ਗੀਤ 10 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਹਾਲ ਹੀ ਹਿਮਾਂਸ਼ੀ ਖੁਰਾਣਾ ਨੇ ਇਸ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਣਾ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ। ਸਲਮਾਨ ਖਾਨ ਦੇ ਰਿਐਲਿਟੀ ਟੀ. ਵੀ. ਸ਼ੋਅ ਬਿੱਗ ਬੌਸ ਸੀਜ਼ਨ 13 ਨਾਲ ਚਰਚਾ ‘ਚ ਆਈ ਇਸ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਸ਼ੋਅ ਦੌਰਾਨ ਦੋਵੇਂ ਕਾਫ਼ੀ ਚਰਚਾ ‘ਚ ਰਹੇ ਸਨ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਪਹਿਲਾਂ ਵੀ ਪੰਜਾਬੀ ਗੀਤ ਦੀਆਂ ਵੀਡੀਓਜ਼ ਵਿਚ ਇਕੱਠੇ ਨਜ਼ਰ ਆ ਚੁੱਕੇ ਹਨ। ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਖ਼ੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।