ਹਿੰਦੂ ਰਾਸ਼ਟਰ ਦੀ ਸੋਚ ਦੇਸ਼ ਲਈ ਘਾਤਕ
ਸ੍ਰੀ ਆਨੰਦਪੁਰ ਸਾਹਿਬ-ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰ.ਐੱਸ.ਐੱਸ ਨੂੰ ਇਕੱਲੇ ਸਿੱਖਾਂ ਲਈ ਹੀ ਨਹੀਂ ਬਲਕਿ ਭਾਰਤ ਅੰਦਰ ਘੱਟ ਗਿਣਤੀ ’ਚ ਰਹਿ ਰਹੇ ਸਮੂਹ ਭਾਈਚਾਰਿਆਂ ਦੇ ਲੋਕਾਂ ਲਈ ਵੱਡਾ ਖਤਰਾ ਕਰਾਰ ਦਿੰਦਆਂ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਹਿੰਦੁਸਤਾਨ ਲਈ ਬਹੁਤ ਘਾਤਕ ਸਿੱਧ ਹੋਵੇਗਾ। ਉਹ ਇੱਥੇ ਸ਼ੋਰਮਣੀ ਕਮੇਟੀ ਵੱਲੋਂ ਕਰਵਾਏ ਸਿੱਖ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਜਥੇਦਾਰ ਨੇ ਕਿਹਾ ਕਿ ਆਰ.ਐੱਸ.ਐੱਸ ਵਰਗੀ ਜਥੇਬੰਦੀ ਉੱਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਉਸ ਦੇਸ਼ ਜਿੱਥੇ ਬਹੁਤ ਸਾਰੀਆਂ ਬੋਲੀਆਂ, ਬਹੁਤ ਸਾਰੇ ਅਕੀਦੇ, ਬਹੁਤ ਸਾਰੇ ਵਿਸ਼ਵਾਸ ਹੋਣ, ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਬਹੁਤ ਜ਼ਿਆਦਾ ਮੰਦਭਾਗਾ ਤੇ ਘਾਤਕ ਸਿੱਧ ਹੋਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੱਢੇ ਜਾਣ ਵਾਲੇ ਨਗਰ ਕੀਰਤਨ ਬਾਰੇ ਪੈਦਾ ਹੋਈ ਦੁਬਿਧਾ ਬਾਰੇ ਕਿਹਾ ਕਿ ਅਸੀਂ ਉਸ ’ਤੇ ਰੋਕ ਲਗਾਉਂਦੇ ਹੋਏ ਸੰਗਤ ਵੱਲੋਂ ਚੜ੍ਹਾਏ ਪੈਸੇ ਦਾ ਹਿਸਾਬ ਨਸ਼ਰ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਦਿੱਤੇ ਹਨ। ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਵਿੱਚ ਜਾਂ ਗੁਰੂ ਘਰ ਦੇ ਨਾਮ ਤੇ ਸੰਗਤਾਂ ਵੱਲੋਂ ਇਕੱਤਰ ਕੀਤੇ ਜਾਣ ਵਾਲੇ ਚੜ੍ਹਾਵੇ ਦਾ ਹਿਸਾਬ ਇਕੱਲਾ ਦਿੱਲੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਨੂੰ ਹੀ ਨਹੀਂ ਬਲਕਿ ਸਮੁੱਚੀਆਂ ਸੰਸਥਾਵਾਂ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਸੰਗਤ ਵਿੱਚ ਉਨ੍ਹਾਂ ਵੱਲੋਂ ਚੜ੍ਹਾਏ ਪੈਸੇ-ਪੈਸੇ ਦਾ ਹਿਸਾਬ ਨਸ਼ਰ ਹੋ ਸਕੇ।