ਹੁਸ਼ਿਆਰਪੁਰ ਜ਼ਿਲ੍ਹੇ ’ਚ ‘ਅਪਾਚੇ’ ਦੀ ਹੰਗਾਮੀ ਲੈਂਡਿੰਗ
ਪੰਜਾਬ-ਹਿਮਾਚਲ ਦੀ ਹੱਦ ’ਤੇ ਪੈਂਦੇ ਪਿੰਡ ਬੁੱਢਾਬੜ (ਹੁਸ਼ਿਆਰਪੁਰ) ’ਚ ਅੱਜ ਦੁਪਹਿਰੇ ਕਰੀਬ 12 ਵਜੇ ਭਾਰਤੀ ਹਵਾਈ ਫ਼ੌਜ ਦੇ ‘ਅਪਾਚੇ’ ਹੈਲੀਕੌਪਟਰ ਨੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ ਤੇ ਦੋਵੇਂ ਫਲਾਈਟ ਲੈਫ਼ਟੀਨੈਂਟ ਸੁਰੱਖਿਅਤ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋ ਗਏ ਅਤੇ ਵੀਡੀਓ ਬਣਾਉਣ ਲੱਗੇ ਜੋ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਜ਼ਿਕਰਯੋਗ ਹੈ ਕਿ ਲੋਕਾਂ ਦੇ ਇਸ ਤਰ੍ਹਾਂ ਇਕੱਤਰ ਹੋਣ ’ਤੇ ਪਾਬੰਦੀ ਹੈ। ਲੈਂਡਿੰਗ ਦੀ ਸੂਚਨਾ ਮਿਲਦੇ ਹੀ ਭਾਰਤੀ ਹਵਾਈ ਫ਼ੌਜ ਦੇ ਅਤੇ ਪੁਲੀਸ ਅਧਿਕਾਰੀ ਫੋਰਸ ਨਾਲ ਮੌਕੇ ’ਤੇ ਪੁੱਜੇ। ਹੈਲੀਕੌਪਟਰ ਦੁਆਲੇ ਘੇਰਾ ਬਣਾ ਕੇ ਲੋਕਾਂ ਨੂੰ ਮੌਕੇ ਤੋਂ ਘਰਾਂ ਨੂੰ ਭੇਜਿਆ ਗਿਆ। ਹੈਲੀਕੌਪਟਰ ਪਠਾਨਕੋਟ ਏਅਰਬੇਸ ਤੋਂ ਪੁੱਜੀ ਤਕਨੀਕੀ ਟੀਮ ਵਲੋਂ ਜਾਂਚਿਆ ਗਿਆ ਤੇ ਨੁਕਸ ਦੂਰ ਹੋਣ ’ਤੇ 3.30 ਵਜੇ ਇਸ ਨੇ ਵਾਪਸ ਉਡਾਣ ਭਰੀ। ਵੇਰਵਿਆਂ ਮੁਤਾਬਕ ਹੈਲੀਕੌਪਟਰ ਨੇ ਪਠਾਨਕੋਟ ਏਅਰਬੇਸ ਤੋਂ ਉਡਾਣ ਭਰੀ ਸੀ ਤੇ ਫਲਾਈਟ ਲੈਫਟੀਨੈਂਟ ਰਜਤ ਕੁਮਾਰ ਅਤੇ ਫਲਾਈਟ ਲੈਫਟੀਨੈਂਟ ਅਨੂਪ ਕੁਮਾਰ ਇਸ ਨੂੰ ਅਭਿਆਸ ਲਈ ਉਡਾ ਰਹੇ ਸਨ। ਭਾਰਤੀ ਹਵਾਈ ਫ਼ੌਜ ਦਾ ਇੱਕ ਹੋਰ ਜਹਾਜ਼ ਵੀ ਇਸ ਦੌਰਾਨ ਉਡਾਣ ਅਭਿਆਸ ਕਰ ਰਿਹਾ ਸੀ ਤੇ ਉਸ ਦੇ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਸੂਚਨਾ ਏਅਰਬੇਸ ਨੂੰ ਦਿੱਤੀ। ਪੁਲੀਸ ਨੇ ਇਸ ਘਟਨਾ ਨੂੰ ਕੌਮੀ ਸੁਰੱਖਿਆ ਨਾਲ ਜੋੜਦਿਆਂ ਹੈਲੀਕੌਪਟਰ ਦੀ ਫੋਟੋ ਖਿੱਚਣ ਗਏ ਪੱਤਰਕਾਰਾਂ ਨੂੰ ਵੀ ਇਸ ਮੌਕੇ ਰੋਕਿਆ ਤੇ ਬਦਸਲੂਕੀ ਕੀਤੀ। ਪੁਲੀਸ ਨੇ ਕਿਹਾ ਕਿ ਪਠਾਨਕੋਟ ਤੋਂ ਭਾਰਤੀ ਫ਼ੌਜ ਦਾ ਲੋਕ ਸੰਪਰਕ ਅਧਿਕਾਰੀ ਹੀ ਕੋਈ ਜਾਣਕਾਰੀ ਦੇਵੇਗਾ, ਪਰ ਜਹਾਜ਼ ਦੇ ਮੁੜ ਉਡਾਣ ਭਰਨ ਤੱਕ ਕੋਈ ਅਧਿਕਾਰੀ ਜਾਣਕਾਰੀ ਦੇਣ ਨਾ ਪੁੱਜਾ।