ਹੁਸ਼ਿਆਰਪੁਰ ਦੀ ਕੈਪਟਨ ਤਾਨੀਆ ਸ਼ੇਰਗਿੱਲ ਨੂੰ ਮਿਲਿਆ ਅਗਵਾਈ ਦਾ ਮਾਣ
ਭਾਰਤੀ ਸੈਨਾ ਦੇ ਗੌਰਵ ਦੀ ਪ੍ਰਤੀਕ ਸੈਨਾ ਦਿਵਸ ਪਰੇਡ ਦੀ ਇੱਥੇ ਪਹਿਲੀ ਵਾਰ ਕੈਪਟਨ ਤਾਨੀਆ ਸ਼ੇਰਗਿੱਲ ਨੇ ਅਗਵਾਈ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਦਿਨ ਸੈਨਾ ਆਪਣੀਆਂ ਪ੍ਰਾਪਤੀਆਂ ਤੇ ਸ਼ਕਤੀ ਦਾ ਮੁਜ਼ਾਹਰਾ ਕਰਦੀ ਹੈ। ਤਾਨੀਆ ਸ਼ੇਰਗਿੱਲ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਨਾਲ ਸਬੰਧਤ ਹੈ। ਅੱਜ ਸਰਕਾਰੀ ਅਧਿਕਾਰੀਆਂ ਅਨੁਸਾਰ ਦਿੱਲੀ ਦੇ ਕੈਂਟ ਦੇ ਗਰਾਉੂਂਡ ਵਿੱਚ ਹੋਈ ਪਰੇਡ ਵਿੱਚ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ, ਹਵਾਈ ਸੈਨਾ ਦੇ ਮੁਖੀ ਚੀਫ ਮਾਰਸ਼ਲ ਆਰ ਕੇ ਐੱਸ ਭਦੌੜੀਆ, ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਥਲ ਸੈਨਾ ਦੀ ਕੈਪਟਨ ਤਾਨੀਆ ਸ਼ੇਰਗਿੱਲ ਪਹਿਲੀ ਪਰੇਡ ਐਡਜੂਟੈਂਟ ਹੈ, ਜਿਸ ਨੂੰ ਸਾਰੀਆਂ ਜਵਾਨਾਂ ਦੀਆਂ ਟੁਕੜੀਆਂ ਦੀ ਅਗਵਾਈ ਕਰਨ ਦਾ ਮਾਣ ਮਿਲਿਆ ਹੈ। ਇਹ 72ਵਾਂ ਸੈਨਾ ਦਿਵਸ ਸੀ ਅਤੇ ਪਹਿਲੀ ਵਾਰ ਇਸ ਵਿੱਚ ਚੀਫ ਆਫ ਡਿਫੈਂਸ ਸਟਾਫ ਸ਼ਾਮਲ ਹੋਏ ਹਨ।