ਹੈਦਰਾਬਾਦ ਕਾਂਡ: ਲੋਕਾਂ ਦਾ ਰੋਹ ਵਧਿਆ, ਤਿੰਨ ਪੁਲੀਸ ਮੁਲਾਜ਼ਮ ਮੁਅੱਤਲ

ਹੈਦਰਾਬਾਦ ਕਾਂਡ: ਲੋਕਾਂ ਦਾ ਰੋਹ ਵਧਿਆ, ਤਿੰਨ ਪੁਲੀਸ ਮੁਲਾਜ਼ਮ ਮੁਅੱਤਲ

ਹੈਦਰਾਬਾਦ ਵਿਚ ਵਾਪਰੀ ਜਬਰ-ਜਨਾਹ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਲੋਕ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਵੈਟਰਨਰੀ ਡਾਕਟਰ ਦੀ ਰਿਹਾਇਸ਼ ਵਾਲੀ ਕਲੋਨੀ ’ਚ ਅੱਜ ਹਮਦਰਦੀ ਜ਼ਾਹਿਰ ਕਰਨ ਪੁੱਜੇ ਸਿਆਸੀ ਆਗੂਆਂ ਨੂੰ ਮਿਲਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ। ਸ਼ਮਸ਼ਾਬਾਦ ’ਚ ਲੋਕਾਂ ਨੇ ਕਲੋਨੀ ਦੇ ਗੇਟ ਬੰਦ ਕਰ ਦਿੱਤੇ ਤੇ ਉੱਥੇ ਕਈ ਤਖ਼ਤੀਆਂ ਟੰਗ ਦਿੱਤੀਆਂ ਜਿਨ੍ਹਾਂ ’ਤੇ ਲਿਖਿਆ ਸੀ ‘ਮੀਡੀਆ, ਪੁਲੀਸ ਤੇ ਬਾਹਰਲਾ ਵਿਅਕਤੀ ਇੱਥੇ ਨਾ ਆਏ- ਕਿਸੇ ਹਮਦਰਦੀ ਦੀ ਲੋੜ ਨਹੀਂ, ਸਿਰਫ਼ ਕਰਵਾਈ ਤੇ ਨਿਆਂ।’ ਇਸ ਮਾਮਲੇ ’ਚ ਐੱਫਆਈਆਰ ਦਰਜ ਕਰਨ ’ਚ ਕਥਿਤ ਦੇਰੀ ਕਰਨ ਵਾਲੇ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਫਆਈਆਰ ਮਹਿਲਾ ਡਾਕਟਰ ਦੇ ‘ਲਾਪਤਾ’ ਹੋਣ ਬਾਰੇ ਸੀ ਜਿਸ ਦੀ ਬਾਅਦ ’ਚ ਸੜੀ ਹੋਈ ਲਾਸ਼ ਬਰਾਮਦ ਹੋਈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਪੁਲੀਸ ਨੇ ਅਧਿਕਾਰ ਖੇਤਰ ਦਾ ਹਵਾਲਾ ਦੇ ਕੇ ਘਟਨਾ ’ਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਇਕ ਸਬ ਇੰਸਪੈਕਟਰ ਤੇ ਦੋ ਕਾਂਸਟੇਬਲ ਮੁਅੱਤਲ ਕੀਤੇ ਗਏ ਹਨ। ਮਹਿਲਾ ਕਮਿਸ਼ਨ ਨੇ ਵੀ ਪੁਲੀਸ ’ਤੇ ਕਾਰਵਾਈ ’ਚ ਦੇਰੀ ਦਾ ਦੋਸ਼ ਲਾਇਆ ਸੀ। ਘਟਨਾ ਦੀ ਨਿਖੇਧੀ ਕਰਦਿਆਂ ਇਕ ਔਰਤ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਹਾਲੇ ਤੱਕ ਘਟਨਾ ਬਾਰੇ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ? ਪੁਲੀਸ ਨੇ ਚਾਰ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਤੇ ਜਲਦੀ ਨਿਆਂ ਯਕੀਨੀ ਕਿਉਂ ਨਹੀਂ ਬਣਾਇਆ ਜਾ ਰਿਹਾ? ਇਕ ਹੋਰ ਮਹਿਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਲੋਕਾਂ ਨੇ ਸਾਬਕਾ ਸੀਪੀਐੱਮ ਵਿਧਾਇਕ ਜੇ. ਰੰਗਾ ਰੈੱਡੀ ਤੇ ਪਾਰਟੀ ਵਰਕਰਾਂ ਨੂੰ ਗੇਟ ਤੋਂ ਮੋੜ ਦਿੱਤਾ।

Radio Mirchi