ਹੈਰਿਸ ਦੇ ਉਪ-ਰਾਸ਼ਟਰਪਤੀ ਬਣਨ ਨਾਲ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ: ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਦੀ ਇੱਕ ਉੱਚ ਅਧਿਕਾਰੀ ਮੁਤਾਬਕ ਕਮਲਾ ਹੈਰਿਸ ਦੇ ਅਮਰੀਕਾ ਦੀ ਉਪ-ਰਾਸ਼ਟਰਪਤੀ ਬਣਨ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਮਾਂ ਅਤੇ ਜਮਾਇਕਾ ਮੂਲ ਦੇ ਪਿਤਾ ਦੀ ਸੰਤਾਨ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ਦੌਰਾਨ ਬਾਇਡਨ ਪ੍ਰਸ਼ਾਸਨ ਦੌਰਾਨ ਭਾਰਤ-ਅਮਰੀਕਾ ਸਬੰਧਾਂ ਬਾਰੇ ਸਵਾਲ ਦੇ ਜਵਾਬ ’ਚ ਕਿਹਾ, ‘ਰਾਸ਼ਟਰਪਤੀ ਬਾਇਡਨ ਕਈ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ। ਉਹ ਭਾਰਤ ਅਤੇ ਅਮਰੀਕਾ ਦੇ ਨੇਤਾਵਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੀ ਅਹਿਮੀਅਤ ਸਮਝਦੇ ਹਨ। ਬਾਇਡਨ ਪ੍ਰਸ਼ਾਸਨ ਇਸ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।’ ੳਨ੍ਹਾਂ ਕਿਹਾ, ‘ਭਾਰਤੀ ਮੂੁਲ ਦੀ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਬਣਨ ਨਾਲ ਇਹ ਸਬੰਧ ਹੋਰ ਮਜ਼ਬੂਤ ਹੋਣਗੇ। ਬਾਇਡਨ ਨੇ ਉਨ੍ਹਾਂ (ਹੈਰਿਸ) ਦੀ ਚੋਣ ਕੀਤੀ ਹੈ। ਨਿਸ਼ਚਿਤ ਤੌਰ ’ਤੇ ਇਹ ਇਸ ਦੇਸ਼ ’ਚ ਸਾਡੇ ਸਾਰਿਆਂ ਲਈ ਨਾ ਸਿਰਫ ਇਤਿਹਾਸਕ ਪਲ ਹੈ ਬਲਕਿ ਇਸ ਨਾਲ ਸਾਡੇ ਰਿਸ਼ਤੇ ਹੋਰ ਗੂੜ੍ਹੇ ਹੋਣਗੇ। -ਪੀਟੀਆਈ
ਕਮਲਾ ਹੈਰਿਸ ਵੱਲੋਂ ਵਿਸ਼ਵ ਸਿਹਤ ਸੰਸਥਾ ਦੇ ਮੁਖੀ ਨਾਲ ਗੱਲਬਾਤ
ਵਾਸ਼ਿੰਗਟਨ: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਅਮਰੀਕਾ ਨੂੰ ਦੁਬਾਰਾ ਸੰਯੁਕਤ ਰਾਸ਼ਟਰ ਸਿਹਤ ਏਜੰਸੀ ’ਚ ਸ਼ਾਮਲ ਕਰਵਾਉਣ ਲਈ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਟੈਡਰੋਸ ਅਧਾਨੋਮ ਗੈਬਰਿਆਸਿਸ ਨਾਲ ਫੋਨ ’ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਬਾਇਡਨ ਨੇ ਕਾਰਜਭਾਰ ਸੰਭਾਲਦਿਆਂ ਹੀ ਅਮਰੀਕਾ ਨੂੰ ਡਬਲਿਊਐੱਚਓ ’ਚ ਸ਼ਾਮਲ ਕਰਵਾਉਣ ਦੇ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਹੈਰਿਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਅਤੇ ਬਾਇਡਨ ਨੂੰ ਪੂਰਾ ਯਕੀਨ ਹੈ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ’ਚ ਡਬਲਿਊਐੱਚਓ ਦੀ ਭੂਮਿਕਾ ਅਹਿਮ ਹੈ। ਬਿਆਨ ਮੁਤਾਬਕ, ‘ਉਪ-ਰਾਸ਼ਟਰਪਤੀ ਅਤੇ ਡਬਲਿਊਐੱਚਓ ਮੁਖੀ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਸਿਹਤ ਅਤੇ ਮਨੁੱਖੀ ਕਾਰਜਾਂ ’ਤੇ ਅਮਰੀਕਾ ਦੀ ਭੂਮਿਕਾ ਬਾਰੇ ਚਰਚਾ ਕੀਤੀ।’ ਗੈਬਰਿਆਸਿਸ ਨੇ ਹੈਰਿਸ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਵੀ ਦਿੱਤੀ।