ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣ ਦੇ ਬਾਅਦ ਪਹਿਲੇ ਭਾਸ਼ਣ ਚ ਆਪਣੀ ਮਾਂ ਨੂੰ ਕੀਤਾ ਯਾਦ
ਵਾਸ਼ਿੰਗਟਨ- ਭਾਰਤੀ ਮੀਲ ਦੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕਾ ਵਿਚ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣੇ ਜਾਣ ਦੇ ਬਾਅਦ ਆਪਣੇ ਪਹਿਲੇ ਭਾਸ਼ਣ ਵਿਚ ਆਪਣੀ ਮਾਂ ਸ਼ਿਆਮਲਾ ਗੋਪਾਲਨ ਨੂੰ ਯਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਹੀ ਉਨ੍ਹਾਂ ਨੂੰ ਮੁਸ਼ਕਲ ਸਮੇਂ ਵਿਚ ਹੱਥ 'ਤੇ ਹੱਥ ਰੱਖ ਕੇ ਬੈਠਣ ਤੇ ਸ਼ਿਕਾਇਤ ਕਰਨ ਦੀ ਥਾਂ ਸੁਧਾਰ ਲਈ ਕੰਮ ਕਰਨ ਦੀ ਸਿੱਖਿਆ ਦਿੱਤੀ ਸੀ।
ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਅਹੁਦੇ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਨੇ 55 ਸਾਲਾ ਹੈਰਿਸ ਨੂੰ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਸੀ। ਡੈਲਾਵੇਅਰ ਵਿਚ ਵਿਲਮਿੰਗਟਨ ਵਿਚ ਬਿਡੇਨ ਨਾਲ ਮੰਚ ਸਾਂਝਾ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀ ਉਨ੍ਹਾਂ ਦੇ ਜੀਵਨ ਵਿਚ ਅਹਿਮ ਭੂਮਿਕਾ ਹੈ। ਹੈਰਿਸ ਨੇ ਕਿਹਾ,'ਮੇਰੀ ਮਾਂ ਸ਼ਿਆਮਲਾ ਨੇ ਮੈਨੂੰ ਤੇ ਮੇਰੀ ਭੈਣ ਮਾਇਆ ਨੂੰ ਸਿਖਾਇਆ ਕਿ ਅੱਗੇ ਵਧਦੇ ਰਹਿਣਾ ਸਾਡੇ ਅਤੇ ਅਮਰੀਕਾ ਦੀ ਹਰ ਪੀੜ੍ਹੀ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਿਰਫ ਸ਼ਿਕਾਇਤ ਨਾ ਕਰੋ ਤੇ ਨਾ ਹੀ ਬੈਠੇ ਰਹੋ ਸਗੋਂ ਉੱਠ ਕੇ ਕੁੱਝ ਕਰਕੇ ਦਿਖਾਓ। ਹੈਰਿਸ ਦੀ ਮਾਂ ਸ਼ਿਆਮਲਾ ਛਾਤੀ ਦੇ ਕੈਂਸਰ ਦੀ ਮਾਹਿਰ ਸੀ। ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਵਿਚ ਡਾਕਟਰੇਟ ਕਰਨ ਲਈ 1960 ਵਿਚ ਤਾਮਿਲਨਾਡੂ ਤੋਂ ਅਮਰੀਕਾ ਆਈ ਸੀ। ਉਸ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਵਿਦਿਆਰਥੀਆਂ ਵਜੋਂ ਰੈਲੀਆਂ ਦੌਰਾਨ ਇਕ-ਦੂਜੇ ਨੂੰ ਮਿਲੇ ਸਨ ਤੇ ਉਹ ਉਸ ਨੂੰ ਵੀ ਸਟਾਲਰ ਵਿਚ ਬੈਠਾ ਕੇ ਰੈਲੀਆਂ ਵਿਚ ਲੈ ਜਾਂਦੇ ਸਨ। ਉਸ ਨੇ ਦੱਸਿਆ ਕਿ ਉਸ ਦੇ ਜੀਵਨ ਵਿਚ ਉਸ ਦੀ ਮਾਂ ਦੀ ਖਾਸ ਥਾਂ ਹੈ।